ਮੋਹਨ ਭਾਗਵਤ ਦੀ ਲੰਡਨ ਫੇਰੀ ਨੂੰ ਲੈ ਕੇ ਛਿੜਿਆ ਵਿਵਾਦ
ਲੰਡਨ, 4 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ.
ਲੰਡਨ, 4 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਦੀ ਬਰਤਾਨੀਆ ਫੇਰੀ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ। ਜਿਥੇ 100 ਤੋਂ ਵੱਧ ਹਿੰਦੂ ਜੱਥੇਬੰਦੀਆਂ ਨੇ ਸੰਘ ਮੁਖੀ ਦੀ ਫੇਰੀ ਦਾ ਸਵਾਗਤ ਕੀਤਾ ਹੈ। ਉਥੇ ਹੀ ਕਈ ਜਥੇਬੰਦੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਯਾਤਰਾ ਦੇ ਮੱਦੇਨਜ਼ਰ 20 ਸਮਾਜਿਕ ਜਥੇਬੰਦੀਆਂ ਅਤੇ ਕੁਝ ਪ੍ਰਮੁੱਖ ਸ਼ਖ਼ਸੀਅਤਾਂ ਨੇ ਲੰਡਨ ਦੇ ਮੇਅਰ ਸਾਦੀਕ ਖ਼ਾਨ ਨੂੰ ਸਾਂਝਾ ਪੱਤਰ ਲਿਖਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਆਰ.ਐੱਸ.ਐੱਸ. ਨਾਲ ਸੰਬੰਧਿਤ ਕਿਸੇ ਸਮਾਗਮ ਲਈ ਗ੍ਰੇਟਰ ਲੰਡਨ ਅਥਾਰਟੀ ਦੀ ਮਲਕੀਅਤ ਵਾਲੀ ਕੋਈ ਥਾਂ ਮੁਹੱਈਆ ਨਾ ਕਰਵਾਈ ਜਾਵੇ। ਪੱਤਰ ਉਤੇ ਦਸਤਖ਼ਤ ਕਰਨ ਵਾਲੀਆਂ ਜਥੇਬੰਦੀਆਂ ਵਿਚ ਹਿੰਦੂ ਫਾਰ ਹਿਊਮਨ ਰਾਈਟਸ, ਯੂ.ਕੇ. ਇੰਡੀਆ ਮੁਸਲਿਮ ਕੌਂਸਲ, ਇੰਡੀਆ ਲੇਬਰ ਸੋਲੇਡਿਟਰੀ ਅਤੇ ਸਾਊਥ ਏਸ਼ੀਆ ਸੋਲੇਡਿਟਰੀ ਗਰੁੱਪ ਸ਼ਾਮਿਲ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਮੋਹਨ ਭਾਗਵਤ ਦੀ ਯਾਤਰਾ ਨਾਲ ਬਰਤਾਨੀਆ ਵਿਚ ਨਫ਼ਰਤੀ ਭਾਸ਼ਣ, ਭਾਰਤੀ ਭਾਈਚਾਰੇ ਅੰਦਰ ਵੰਡ ਅਤੇ ਘੱਟਗਿਣਤੀਆਂ ਵਿੱਚ ਡਰ ਦਾ ਮਾਹੌਲ ਵਧ ਸਕਦਾ ਹੈ।ਸਾਬਕਾ ਲੇਬਰ ਲੀਡਰ ਜੈਰਮੀ ਕੌਰਬਿਨ ਨੇ ਕਿਹਾ ਕਿ ਸਾਡੇ ਸ਼ਹਿਰਾਂ ਵਿਚ ਨਫ਼ਰਤ ਨੂੰ ਕੋਈ ਥਾਂ ਨਹੀਂ ਹੈ। ਲੇਬਰ ਪਾਰਟੀ ਦੀ ਸੰਸਦ ਮੈਂਬਰ ਨਾਡੀਆ ਵਿਟਟੋਮ ਨੇ ਸੰਸਦ ਵਿਚ ਮੋਹਨ ਭਾਗਵਤ ਦੀ ਫੇਰੀ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ, ਜਦਕਿ ਕੰਜ਼ਰਵੇਟਿਵ ਸੰਸਦ ਮੈਂਬਰ ਬੌਬ ਬਲੈਕਮੈਨ ਨੇ ਸੰਘ ਮੁਖੀ ਦੀ ਤਿੰਨ ਦਿਨਾਂ ਫੇਰੀ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਮੋਹਨ ਭਾਗਵਤ ਦੇ ਵਿਚਾਰ ਜਾਨਣ ਦੀ ਇੱਛਾ ਰੱਖਦੇ ਹਨ।