ਵਿਦੇਸ਼ੀ ਫੰਡਿੰਗ ਦੇ ਦੋਸ਼ਾਂ ਉਪਰੰਤ ਰਿਫਾਰਮ ਯੂ.ਕੇ. ਦੇ ਦੋ ਸੀਨੀਅਰ ਅਧਿਕਾਰੀਆਂ ਨੇ ਅਹੁਦੇ ਛੱਡੇ
ਲੰਡਨ, 5 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਨਾਈਜਲ ਫਰਾਜ ਦੀ ਅਗਵਾਈ ਵਾਲੀ ਰਿਫਾਰਮ ਯੂ. ਕੇ.
ਲੰਡਨ, 5 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਨਾਈਜਲ ਫਰਾਜ ਦੀ ਅਗਵਾਈ ਵਾਲੀ ਰਿਫਾਰਮ ਯੂ.ਕੇ. ਪਾਰਟੀ ਦੇ ਦੋ ਸੀਨੀਅਰ ਅਧਿਕਾਰੀਆਂ ਨੇ ਵਿਦੇਸ਼ੀ ਫੰਡਿੰਗ ਸੰਬੰਧੀ ਦੋਸ਼ਾਂ ਤੋਂ ਬਾਅਦ ਆਪਣੇ ਅਹੁਦਿਆਂ ਤੋਂ ਅਸਥਾਈ ਤੌਰ ’ਤੇ ਹਟਣ ਦਾ ਐਲਾਨ ਕੀਤਾ ਹੈ। ਪਾਰਟੀ ਨੇ ਚੈਨਲ 4 ਨਿਊਜ਼ ਦੀ ਅੰਡਰਕਵਰ ਰਿਪੋਰਟ ਵਿਚ ਲਾਏ ਗਏ ਦੋਸ਼ਾਂ ਦੀ ਅੰਦਰੂਨੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।ਅਹੁਦੇ ਛੱਡਣ ਵਾਲਿਆਂ ਵਿਚ ਨਾਈਜਲ ਫਰਾਜ ਦੇ ਸੀਨੀਅਰ ਸਹਾਇਕ ਡੈਨ ਜੂਕਸ ਅਤੇ ਪਾਰਟੀ ਦੇ ਨੀਤੀ ਮੁਖੀ ਜੇਮਜ਼ ਔਰ ਸ਼ਾਮਿਲ ਹਨ। ਦੋਵੇਂ ਅਧਿਕਾਰੀ ਜਾਂਚ ਪੂਰੀ ਹੋਣ ਤੱਕ ਆਪਣੀਆਂ ਜ਼ਿੰਮੇਵਾਰੀਆਂ ਤੋਂ ਵੱਖ ਰਹਿਣਗੇ। ਚੈਨਲ 4 ਨਿਊਜ਼ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅੰਡਰਕਵਰ ਪੱਤਰਕਾਰਾਂ ਨੇ ਇਕ ਅਮੀਰ ਅਮਰੀਕੀ ਕਾਰੋਬਾਰੀ ਅਤੇ ਉਸ ਦੇ ਬਰਤਾਨੀਆ ਵਿਚ ਰਹਿੰਦੇ ਪੁੱਤਰ ਵਜੋਂ ਪਾਰਟੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਸੀ। ਗੁਪਤ ਰਿਕਾਰਡਿੰਗ ਵਿਚ ਕਥਿਤ ਤੌਰ ’ਤੇ 5 ਲੱਖ ਪੌਂਡ ਦੀ ਵਿਦੇਸ਼ੀ ਰਕਮ ਨੂੰ ਬਰਤਾਨਵੀ ਨਾਗਰਿਕ ਪੁੱਤਰ ਰਾਹੀਂ ਪਾਰਟੀ ਤੱਕ ਪਹੁੰਚਾਉਣ ਦੇ ਢੰਗ ਬਾਰੇ ਗੱਲਬਾਤ ਹੁੰਦੀ ਸੁਣਾਈ ਦਿੱਤੀ।