ਪਰਮਾਣੂ ਹਥਿਆਰਾਂ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੀ ਵੱਡੀ ਚਿਤਾਵਨੀ
ਗੁਟੇਰੇਸ ਬੋਲੇ, ਸ਼ੀਤ ਯੁੱਧ ਤੋਂ ਬਾਅਦ ਸਭ ਤੋਂ ਖ਼ਤਰਨਾਕ ਦੌਰ
ਨਿਊਯਾਰਕ, 30 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਦੁਨੀਆ ਭਰ ਵਿਚ ਵਧਦੇ ਟਕਰਾਅ ਅਤੇ ਪਰਮਾਣੂ ਹਥਿਆਰਾਂ ਦੇ ਆਧੁਨਿਕੀਕਰਨ ਵਿਚਾਲੇ ਸੰਯੁਕਤ ਰਾਸ਼ਟਰ ਨੇ ਗੰਭੀਰ ਚਿੰਤਾ ਜਤਾਈ ਹੈ। ਪਰਮਾਣੂ ਹਥਿਆਰਾਂ ਦੇ ਪੂਰੇ ਖ਼ਾਤਮੇ ਲਈ ਅੰਤਰਰਾਸ਼ਟਰੀ ਦਿਵਸ ਮੌਕੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਉੱਚ ਪੱਧਰੀ ਬੈਠਕ ਵਿੱਚ ਮਹਾਸਚਿਵ ਐਂਟੋਨੀਓ ਗੁਟੇਰੇਸ ਨੇ ਕਿਹਾ ਕਿ ਦੁਨੀਆ ਸ਼ੀਤ ਯੁੱਧ ਦੇ ਅੰਤ ਤੋਂ ਬਾਅਦ ਸਭ ਤੋਂ ਖ਼ਤਰਨਾਕ ਪਰਮਾਣੂ ਦੌਰ ਵਿੱਚੋਂ ਲੰਘ ਰਹੀ ਹੈ।
ਨਿਊਯਾਰਕ, 30 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਦੁਨੀਆ ਭਰ ਵਿਚ ਵਧਦੇ ਟਕਰਾਅ ਅਤੇ ਪਰਮਾਣੂ ਹਥਿਆਰਾਂ ਦੇ ਆਧੁਨਿਕੀਕਰਨ ਵਿਚਾਲੇ ਸੰਯੁਕਤ ਰਾਸ਼ਟਰ ਨੇ ਗੰਭੀਰ ਚਿੰਤਾ ਜਤਾਈ ਹੈ। ਪਰਮਾਣੂ ਹਥਿਆਰਾਂ ਦੇ ਪੂਰੇ ਖ਼ਾਤਮੇ ਲਈ ਅੰਤਰਰਾਸ਼ਟਰੀ ਦਿਵਸ ਮੌਕੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਉੱਚ ਪੱਧਰੀ ਬੈਠਕ ਵਿੱਚ ਮਹਾਸਚਿਵ ਐਂਟੋਨੀਓ ਗੁਟੇਰੇਸ ਨੇ ਕਿਹਾ ਕਿ ਦੁਨੀਆ ਸ਼ੀਤ ਯੁੱਧ ਦੇ ਅੰਤ ਤੋਂ ਬਾਅਦ ਸਭ ਤੋਂ ਖ਼ਤਰਨਾਕ ਪਰਮਾਣੂ ਦੌਰ ਵਿੱਚੋਂ ਲੰਘ ਰਹੀ ਹੈ।ਗੁਟੇਰੇਸ ਨੇ ਕਿਹਾ ਕਿ ਇਕ ਪਾਸੇ ਪਰਮਾਣੂ ਹਥਿਆਰਾਂ ਦੇ ਭੰਡਾਰਾਂ ਦਾ ਵਿਸਥਾਰ ਅਤੇ ਆਧੁਨਿਕੀਕਰਨ ਹੋ ਰਿਹਾ ਹੈ। ਦੂਜੇ ਪਾਸੇ, ਦਹਾਕਿਆਂ ਦੌਰਾਨ ਬਣੀ ਹਥਿਆਰ ਨਿਯੰਤਰਣ ਪ੍ਰਣਾਲੀ ਕਮਜ਼ੋਰ ਪੈ ਰਹੀ ਹੈ। ਉਨ੍ਹਾਂ ਨੇ ਅਮਰੀਕਾ ਅਤੇ ਰੂਸ ਨੂੰ ਨਿਊ ਸਟਾਰਟ ਸੰਧੀ ਦੀ ਥਾਂ ਨਵਾਂ ਢਾਂਚਾ ਤਿਆਰ ਕਰਨ ਲਈ ਮੁੜ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕੀਤੀ।ਮਹਾਸਭਾ ਦੇ ਪ੍ਰਧਾਨ ਖਲੀਲੁਰ ਰਹਿਮਾਨ ਮੁਤਾਬਕ ਜਨਵਰੀ 2026 ਤੱਕ ਦੁਨੀਆ ਵਿੱਚ 12 ਹਜ਼ਾਰ ਤੋਂ ਵੱਧ ਪਰਮਾਣੂ ਹਥਿਆਰ ਮੌਜੂਦ ਸਨ, ਜਿਨ੍ਹਾਂ ਵਿਚੋਂ ਕਰੀਬ 2,100 ਤੋਂ 2,200 ਅਜਿਹੀ ਉੱਚ ਤਿਆਰੀ ਦੀ ਹਾਲਤ ਵਿੱਚ ਹਨ ਕਿ ਉਨ੍ਹਾਂ ਨੂੰ ਬਹੁਤ ਥੋੜ੍ਹੇ ਸਮੇਂ ਵਿੱਚ ਦਾਗਿਆ ਜਾ ਸਕਦਾ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਸ਼ੀਤ ਯੁੱਧ ਤੋਂ ਬਾਅਦ ਪਹਿਲੀ ਵਾਰ ਦੁਨੀਆ ਦਾ ਪਰਮਾਣੂ ਭੰਡਾਰ ਮੁੜ ਵਧ ਸਕਦਾ ਹੈ। ਨਕਲੀ ਬੁੱਧੀ, ਸਾਈਬਰ ਤਕਨੀਕ ਅਤੇ ਨਵੀਆਂ ਹਥਿਆਰ ਪ੍ਰਣਾਲੀਆਂ ਵੀ ਖ਼ਤਰੇ ਨੂੰ ਹੋਰ ਪੇਚੀਦਾ ਬਣਾ ਰਹੀਆਂ ਹਨ। ਚੀਨ ਨੇ ਸਭ ਤੋਂ ਵੱਡੇ ਪਰਮਾਣੂ ਭੰਡਾਰ ਰੱਖਣ ਵਾਲੇ ਦੇਸ਼ਾਂ ਨੂੰ ਆਪਣੇ ਹਥਿਆਰਾਂ ਵਿੱਚ ਵੱਡੀ ਅਤੇ ਠੋਸ ਕਟੌਤੀ ਕਰਨ ਦੀ ਅਪੀਲ ਕੀਤੀ। ਚੀਨੀ ਪ੍ਰਤੀਨਿਧੀ ਨੇ ਪਰਮਾਣੂ ਤਾਕਤਾਂ ਵਿਚਾਲੇ ਪਹਿਲਾਂ ਪਰਮਾਣੂ ਹਥਿਆਰ ਨਾ ਵਰਤਣ ਬਾਰੇ ਸਮਝੌਤਾ ਕਰਨ ਦੀ ਵਕਾਲਤ ਵੀ ਕੀਤੀ। ਓਮਾਨ ਨੇ ਅਰਬ ਸਮੂਹ ਵੱਲੋਂ ਬੋਲਦਿਆਂ ਪਰਮਾਣੂ ਹਥਿਆਰ ਪ੍ਰਣਾਲੀਆਂ ਵਿੱਚ ਨਕਲੀ ਬੁੱਧੀ ਦੀ ਵਰਤੋਂ ਦੇ ਖ਼ਤਰਿਆਂ ਵੱਲ ਧਿਆਨ ਦਿਵਾਇਆ ਅਤੇ ਕਿਹਾ ਕਿ ਅਜਿਹੇ ਹਥਿਆਰਾਂ ‘ਤੇ ਪੂਰਾ ਮਨੁੱਖੀ ਕੰਟਰੋਲ ਰਹਿਣਾ ਜ਼ਰੂਰੀ ਹੈ। ਅਰਬ ਸਮੂਹ ਨੇ ਮੱਧ ਪੂਰਬ ਨੂੰ ਪਰਮਾਣੂ ਅਤੇ ਹੋਰ ਵੱਡੇ ਵਿਨਾਸ਼ਕਾਰੀ ਹਥਿਆਰਾਂ ਤੋਂ ਮੁਕਤ ਖੇਤਰ ਬਣਾਉਣ ਦੀ ਮੰਗ ਵੀ ਦੁਹਰਾਈ। ਈਰਾਨ ਨੇ ਬੈਠਕ ਦੌਰਾਨ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਉਸ ਦੀਆਂ ਪਰਮਾਣੂ ਸਹੂਲਤਾਂ ‘ਤੇ ਕੀਤੇ ਹਮਲਿਆਂ ਦਾ ਮੁੱਦਾ ਚੁੱਕਿਆ। ਈਰਾਨੀ ਪ੍ਰਤੀਨਿਧੀ ਨੇ ਕਿਹਾ ਕਿ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੀ ਨਿਗਰਾਨੀ ਹੇਠ ਚੱਲ ਰਹੀਆਂ ਸ਼ਾਂਤੀਪੂਰਨ ਪਰਮਾਣੂ ਸਹੂਲਤਾਂ ‘ਤੇ ਹਮਲੇ ਰੇਡੀਏਸ਼ਨ ਫੈਲਣ ਸਮੇਤ ਗੰਭੀਰ ਖ਼ਤਰੇ ਪੈਦਾ ਕਰ ਸਕਦੇ ਹਨ। ਈਰਾਨ ਨੇ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਸ਼ਾਂਤੀਪੂਰਨ ਦੱਸਦਿਆਂ ਪਰਮਾਣੂ ਊਰਜਾ ਦੀ ਸ਼ਾਂਤੀਪੂਰਨ ਵਰਤੋਂ ਦੇ ਅਧਿਕਾਰ ਦਾ ਸਤਿਕਾਰ ਕਰਨ ਦੀ ਮੰਗ ਕੀਤੀ।ਸੰਯੁਕਤ ਅਰਬ ਅਮੀਰਾਤ ਨੇ ਵੀ ਸ਼ਾਂਤੀਪੂਰਨ ਪਰਮਾਣੂ ਸਹੂਲਤਾਂ ਨੂੰ ਫੌਜੀ ਹਮਲਿਆਂ ਜਾਂ ਧਮਕੀਆਂ ਤੋਂ ਬਚਾਉਣ ‘ਤੇ ਜ਼ੋਰ ਦਿੱਤਾ। ਉਸ ਨੇ ਚਿਤਾਵਨੀ ਦਿੱਤੀ ਕਿ ਅਜਿਹੀ ਕਿਸੇ ਘਟਨਾ ਦੇ ਨਤੀਜੇ ਇੱਕ ਦੇਸ਼ ਤੱਕ ਸੀਮਤ ਨਾ ਰਹਿ ਕੇ ਪੂਰੇ ਖੇਤਰ ਅਤੇ ਵਾਤਾਵਰਣ ਨੂੰ ਪ੍ਰਭਾਵਿਤ ਕਰ ਸਕਦੇ ਹਨ।ਕਜ਼ਾਕਿਸਤਾਨ ਨੇ ਸੇਮੀਪਾਲਾਤਿੰਸਕ ਪਰਮਾਣੂ ਪ੍ਰੀਖਣ ਕੇਂਦਰ ਦਾ ਹਵਾਲਾ ਦਿੱਤਾ, ਜਿੱਥੇ 456 ਪਰਮਾਣੂ ਧਮਾਕਿਆਂ ਨੇ ਲੋਕਾਂ ਅਤੇ ਵਾਤਾਵਰਣ ‘ਤੇ ਡੂੰਘੇ ਪ੍ਰਭਾਵ ਛੱਡੇ ਸਨ। ਉਸ ਨੇ ਇਸ ਤਜਰਬੇ ਨੂੰ ਸਾਹਮਣੇ ਰੱਖਦਿਆਂ ਪਰਮਾਣੂ ਤਾਕਤਾਂ ਨੂੰ ਤਣਾਅ ਘਟਾਉਣ ਅਤੇ ਨਵੀਂ ਹਥਿਆਰ ਦੌੜ ਤੋਂ ਬਚਣ ਲਈ ਗੱਲਬਾਤ ਦਾ ਰਾਹ ਅਪਣਾਉਣ ਦੀ ਅਪੀਲ ਕੀਤੀ।ਬੈਠਕ ਦਾ ਮੁੱਖ ਸੁਨੇਹਾ ਇਹ ਰਿਹਾ ਕਿ ਮੌਜੂਦਾ ਵਿਸ਼ਵ ਤਣਾਅ ਦੇ ਦੌਰ ਵਿੱਚ ਪਰਮਾਣੂ ਖ਼ਤਰੇ ਨੂੰ ਘਟਾਉਣ ਲਈ ਹਥਿਆਰ ਨਿਯੰਤਰਣ ਅਤੇ ਕੂਟਨੀਤਕ ਗੱਲਬਾਤ ਨੂੰ ਮੁੜ ਮਜ਼ਬੂਤ ਕਰਨਾ ਜ਼ਰੂਰੀ ਹੈ। ਗੁਟੇਰੇਸ ਨੇ ਕਿਹਾ ਕਿ ਮਨੁੱਖਤਾ ਅੱਠ ਦਹਾਕਿਆਂ ਤੋਂ ਵੱਧ ਸਮੇਂ ਤੋਂ ਪਰਮਾਣੂ ਖ਼ਤਰੇ ਦੇ ਸਾਏ ਹੇਠ ਜੀਅ ਰਹੀ ਹੈ ਅਤੇ ਹੁਣ ਦੇਸ਼ਾਂ ਨੂੰ ਪਰਮਾਣੂ ਹਥਿਆਰਾਂ ਤੋਂ ਮੁਕਤ ਭਵਿੱਖ ਵੱਲ ਠੋਸ ਕਦਮ ਚੁੱਕਣੇ ਚਾਹੀਦੇ ਹਨ।