ਬਰਤਾਨੀਆ ਵਿਚ ਭਾਰਤੀ ਵਿਦਿਆਰਥੀਆਂ ਨੂੰ ਪਾਰਕ ਵਿਚ ਧਮਕਾਇਆ
ਨਸਲੀ ਵਿਤਕਰੇ ਦੇ ਦੋਸ਼ਾਂ ਤੋਂ ਬਾਅਦ ਪੁਲਿਸ ਵਲੋਂ ਮਾਮਲੇ ਦਾ ਨੋਟਿਸ
ਲੰਡਨ, 14 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਵੈਸਟ ਮਿਡਲੈਂਡਜ਼ ਖੇਤਰ ਵਿਚ ਸਥਿਤ ਚੈਲਮਸਲੀ ਵੁੱਡ (ਸੋਲੀਹੁੱਲ) ਵਿਖੇ ਤਿੰਨ ਭਾਰਤੀ ਵਿਦਿਆਰਥੀਆਂ ਨੂੰ ਇਕ ਜਨਤਕ ਪਾਰਕ ਵਿਚ ਘੁੰਮਣ ਤੋਂ ਰੋਕਣ ਅਤੇ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਆਪਣੇ ਆਪ ਨੂੰ ‘ਚੈਲਮਸਲੀ ਵੁੱਡ ਪੈਟ੍ਰਿਅਟਸ’ ਕਹਿਣ ਵਾਲੇ ਗਰੁੱਪ ਦੇ ਮੈਂਬਰਾਂ ਨੇ ਵਿਦਿਆਰਥੀਆਂ ਤੋਂ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਨੂੰ ਮੁੜ ਪਾਰਕ ਵਿਚ ਨਾ ਆਉਣ ਦੀ ਚਿਤਾਵਨੀ ਦਿੱਤੀ।
ਲੰਡਨ, 14 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਵੈਸਟ ਮਿਡਲੈਂਡਜ਼ ਖੇਤਰ ਵਿਚ ਸਥਿਤ ਚੈਲਮਸਲੀ ਵੁੱਡ (ਸੋਲੀਹੁੱਲ) ਵਿਖੇ ਤਿੰਨ ਭਾਰਤੀ ਵਿਦਿਆਰਥੀਆਂ ਨੂੰ ਇਕ ਜਨਤਕ ਪਾਰਕ ਵਿਚ ਘੁੰਮਣ ਤੋਂ ਰੋਕਣ ਅਤੇ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਆਪਣੇ ਆਪ ਨੂੰ ‘ਚੈਲਮਸਲੀ ਵੁੱਡ ਪੈਟ੍ਰਿਅਟਸ’ ਕਹਿਣ ਵਾਲੇ ਗਰੁੱਪ ਦੇ ਮੈਂਬਰਾਂ ਨੇ ਵਿਦਿਆਰਥੀਆਂ ਤੋਂ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਨੂੰ ਮੁੜ ਪਾਰਕ ਵਿਚ ਨਾ ਆਉਣ ਦੀ ਚਿਤਾਵਨੀ ਦਿੱਤੀ। ਜਾਣਕਾਰੀ ਅਨੁਸਾਰ ਕਾਲੇ ਕੱਪੜੇ ਪਹਿਨੇ ਗਰੁੱਪ ਦੇ ਮੈਂਬਰ ਰਾਤ ਸਮੇਂ ਪਾਰਕ ਵਿਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਤਿੰਨ ਭਾਰਤੀ ਨੌਜਵਾਨਾਂ ਨੂੰ ਰੋਕ ਕੇ ਪੁੱਛਿਆ ਕਿ ਉਹ ਇੰਗਲੈਂਡ ਕਿਉਂ ਆਏ ਹਨ ਅਤੇ ਹਨੇਰੇ ਵਿਚ ਪਾਰਕ ਵਿਚ ਕੀ ਕਰ ਰਹੇ ਹਨ।ਇਕ ਵਿਦਿਆਰਥੀ ਨੇ ਦੱਸਿਆ ਕਿ ਉਹ ਮਾਸਟਰਜ਼ ਦੀ ਪੜ੍ਹਾਈ ਕਰਨ ਲਈ ਇੰਗਲੈਂਡ ਆਇਆ ਸੀ ਅਤੇ ਪਿਛਲੇ ਦੋ ਸਾਲਾਂ ਤੋਂ ਇਥੇ ਰਹਿ ਰਿਹਾ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਉਹ ਬਰਮਿੰਘਮ ਤੋਂ ਹਾਲ ਹੀ ਵਿਚ ਇਸ ਇਲਾਕੇ ਵਿਚ ਰਹਿਣ ਆਏ ਹਨ।ਇਸ ਦੇ ਬਾਵਜੂਦ ਗਰੁੱਪ ਦੇ ਇਕ ਮੈਂਬਰ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਉਨ੍ਹਾਂ ਲਈ ਆਖ਼ਰੀ ਚਿਤਾਵਨੀ ਹੈ ਅਤੇ ਉਹ ਦੁਬਾਰਾ ਇਸ ਪਾਰਕ ਵਿਚ ਦਿਖਾਈ ਨਾ ਦੇਣ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਪਾਈ ਗਈ ਸੀ, ਜਿਸ ਨੂੰ ਬਾਅਦ ਵਿਚ ਹਟਾ ਦਿੱਤਾ ਗਿਆ। ਗਰੁੱਪ ਨੇ ਆਪਣੀ ਕਾਰਵਾਈ ਦਾ ਬਚਾਅ ਕਰਦਿਆਂ ਦਾਅਵਾ ਕੀਤਾ ਕਿ ਉਹ ਇਲਾਕੇ ਵਿਚ ਬੱਚਿਆਂ ਅਤੇ ਔਰਤਾਂ ਦੀ ਸੁਰੱਖਿਆ ਲਈ ਗਸ਼ਤ ਕਰ ਰਹੇ ਸਨ। ਹਾਲਾਂਕਿ, ਵਿਦਿਆਰਥੀਆਂ ਵਲੋਂ ਕਿਸੇ ਗ਼ੈਰ-ਕਾਨੂੰਨੀ ਗਤੀਵਿਧੀ ਵਿਚ ਸ਼ਾਮਿਲ ਹੋਣ ਦਾ ਕੋਈ ਸਬੂਤ ਸਾਹਮਣੇ ਨਹੀਂ ਆਇਆ।ਸੋਲੀਹੁੱਲ ਗ੍ਰੀਨ ਪਾਰਟੀ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਨਸਲੀ ਪਿਛੋਕੜ ਕਾਰਨ ਨਿਸ਼ਾਨਾ ਬਣਾਇਆ ਗਿਆ ਜਾਪਦਾ ਹੈ। ਪਾਰਟੀ ਦੇ ਸਥਾਨਕ ਉਮੀਦਵਾਰ ਸ਼ੇਸ਼ਭੱਟਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਜਨਤਕ ਥਾਵਾਂ ਉਤੇ ਘੁੰਮਣ ਅਤੇ ਮਿਲਣ-ਜੁਲਣ ਦਾ ਪੂਰਾ ਹੱਕ ਹੈ। ਕਿਸੇ ਨਾਲ ਵੀ ਉਸ ਦੀ ਚਮੜੀ ਦੇ ਰੰਗ ਜਾਂ ਬੋਲਣ ਦੇ ਲਹਿਜ਼ੇ ਕਾਰਨ ਵਿਤਕਰਾ ਨਹੀਂ ਹੋਣਾ ਚਾਹੀਦਾ। ਵੈਸਟ ਮਿਡਲੈਂਡਜ਼ ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਘਟਨਾ ਸੰਬੰਧੀ ਜਾਣਕਾਰੀ ਹੈ ਅਤੇ ਢੁਕਵੀਂ ਪੁਲਿਸ ਕਾਰਵਾਈ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਬਰਤਾਨੀਆ ਵਿਚ ਵਿਦੇਸ਼ੀ ਵਿਦਿਆਰਥੀਆਂ ਦੀ ਸੁਰੱਖਿਆ, ਨਸਲੀ ਵਿਤਕਰੇ ਅਤੇ ਆਪਣੇ ਆਪ ਕਾਨੂੰਨ ਲਾਗੂ ਕਰਨ ਦਾ ਦਾਅਵਾ ਕਰਨ ਵਾਲੇ ਗਰੁੱਪਾਂ ਦੀਆਂ ਗਤੀਵਿਧੀਆਂ ਸੰਬੰਧੀ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ।