ਨਿਊਜ਼ੀਲੈਂਡ ਦੇ ਦੌਰੇ ’ਤੇ ਜਾਵੇਗੀ ਭਾਰਤ ਹਾਕੀ ਟੀਮ
ਨਵੀਂ ਦਿੱਲੀ, 9 ਨਵੰਬਰ (ਪੀ. ਟੀ.
ਨਵੀਂ ਦਿੱਲੀ, 9 ਨਵੰਬਰ (ਪੀ.ਟੀ.ਆਈ.)-ਉਲੰਪਿਕ ’ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਸੰਜੇ 15 ਤੋਂ 23 ਨਵੰਬਰ ਤੱਕ ਨਿਊਜ਼ੀਲੈਂਡ ਦੌਰੇ ’ਤੇ ਜਾਣ ਵਾਲੀ ਭਾਰਤ ਦੀ ਨੌਜਵਾਨ ਪੁਰਸ਼ ਹਾਕੀ ਟੀਮ ਦੀ ਕਪਤਾਨੀ ਕਰਨਗੇ। ਇਸ ਦੌਰਾਨ ਭਾਰਤੀ ਟੀਮ ਤਿੰਨ ਮੈਚਾਂ ਦੀ ਲੜੀ ਖੇਡੇਗੀ। ਇਹ ਦੌਰਾ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਖੇਡ ਸਬੰਧਾਂ ਦੇ 100 ਸਾਲ ਪੂਰੇ ਹੋਣ ਦੀ ਖੁਸ਼ੀ ’ਚ ਕਰਵਾਇਆ ਜਾ ਰਿਹਾ ਹੈ। ਭਾਰਤੀ ਟੀਮ 19, 21 ਤੇ 22 ਨਵੰਬਰ ਨੂੰ ਆਕਲੈਂਡ ਦੇ ਲਾਇਡ ਐਲਸਮੋਰ ਹਾਕੀ ਸਟੇਡੀਅਮ ’ਚ ਮੇਜ਼ਬਾਨ ਨਿਊਜ਼ੀਲੈਂਡ ਦੀ ਟੀਮ ਨਾਲ ਤਿੰਨ ਮੈਚ ਖੇਡੇਗੀ। ਇਹ ਦੌਰਾ ਇਸ ਲਈ ਵੀ ਖਾਸ ਹੈ ਕਿਉਂਕਿ ਸਾਲ 1926 ’ਚ ਭਾਰਤੀ ਫੌਜ ਦੀ ਹਾਕੀ ਟੀਮ ਪਹਿਲੀ ਵਾਰ ਨਿਊਜ਼ੀਲੈਂਡ ਗਈ ਸੀ। ਇਸ ਟੀਮ ’ਚ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਵੀ ਸ਼ਾਮਲ ਸਨ। ਕਿਸੇ ਵੀ ਖੇਡ ’ਚ ਨਿਊਜ਼ੀਲੈਂਡ ਦਾ ਦੌਰਾ ਕਰਨ ਵਾਲੀ ਇਹ ਪਹਿਲੀ ਭਾਰਤੀ ਟੀਮ ਸੀ। ਉਸ ਇਤਿਹਾਸਕ ਦੌਰੇ ਦੇ 100 ਸਾਲ ਪੂਰੇ ਹੋਣ ’ਤੇ ਹੁਣ ਇਹ ਹਾਕੀ ਲੜੀ ਕਰਵਾਈ ਜਾ ਰਹੀ ਹੈ।