ਅਮਰੀਕਾ ’ ਚ ਹਵਾਈ ਸੇਵਾਂਵਾਂ ਠੱਪ , ਅਗਲੇ ਹੁਕਮਾਂ ਤੱਕ ਉਡਾਣਾਂ ’ ਤੇ ਰੋਕ
ਸੈਕਰਾਮੈਂਟੋ, 14 ਨਵੰਬਰ (ਹੁਸਨ ਲੜੋਆ ਬੰਗਾ)- ਫੈਡਰਲ ਏਵੀਏਸ਼ਨ ਐਡਮਿਨਿਸਟਰੇਸ਼ਨ (ਐਫ. ਏ.
ਸੈਕਰਾਮੈਂਟੋ, 14 ਨਵੰਬਰ (ਹੁਸਨ ਲੜੋਆ ਬੰਗਾ)- ਫੈਡਰਲ ਏਵੀਏਸ਼ਨ ਐਡਮਿਨਿਸਟਰੇਸ਼ਨ (ਐਫ.ਏ.ਏ.) ਨੇ ਪੂਰੇ ਸੰਯੁਕਤ ਰਾਜ ਅਮਰੀਕਾ ਵਿਚ ਉਡਾਣਾਂ ਨੂੰ ਜ਼ਮੀਨ ’ਤੇ ਹੀ ਰੋਕਣ ਦਾ ਹੁਕਮ ਦਿੱਤਾ ਹੈ। ਇਸ ਦਾ ਕਾਰਨ ਏਅਰ ਟਰੈਫਿਕ ਕੰਟਰੋਲ ਨਾਲ ਜੁੜੀ ਇਕ ਸਮੱਸਿਆ ਅਤੇ ਇਸ ਕਾਰਨ ਪੈਦਾ ਹੋਏ ਅਸਧਾਰਨ ਹਾਲਾਤ ਤੇ ਸੁਰੱਖਿਆ ਚਿੰਤਾਵਾਂ ਦੱਸਿਆ ਗਿਆ ਹੈ। ਇਸ ਹੁਕਮ ਤਹਿਤ ਉਡਾਣ ਭਰਨ ਲਈ ਤਿਆਰ ਸਾਰੇ ਜਹਾਜ਼ਾਂ ਨੂੰ ਅਗਲੇ ਹੁਕਮਾਂ ਤੱਕ ਜ਼ਮੀਨ ’ਤੇ ਹੀ ਰਹਿਣ ਲਈ ਕਿਹਾ ਗਿਆ ਹੈ। ਟਰਾਂਸਪੋਰਟੇਸ਼ਨ ਸਕੱਤਰ ਸੀਨ ਡਫੀ ਨੇ ਦੱਸਿਆ ਕਿ ਇਹ ਰੋਕ ਇੱਕ ਸੰਚਾਰ ਸਮੱਸਿਆ ਕਾਰਨ ਲਗਾਈ ਗਈ ਹੈ, ਜਿਸ ਨੇ ਸਾਰੇ ਏਅਰ ਰੂਟ ਟਰੈਫਿਕ ਕੰਟਰੋਲ ਸੈਂਟਰਾਂ ਨੂੰ ਪ੍ਰਭਾਵਿਤ ਕੀਤਾ ਹੈ। ਐਫ.ਏ.ਏ. ਦੇ ਤਕਨੀਸ਼ੀਅਨ ਇਸ ਸਮੱਸਿਆ ਦੀ ਜਾਂਚ ਕਰ ਰਹੇ ਹਨ। ਹੋਮਲੈਂਡ ਸਕਿਓਰਿਟੀ ਸਕੱਤਰ ਮਾਰਕਵੇਨ ਮੁਲਿਨ ਨੇ ਵਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ ਕਿ ਹਵਾਬਾਜੀ ਪ੍ਰਣਾਲੀ ਵਿਚ ਦੂਰਸੰਚਾਰ ਸੇਵਾਵਾਂ ਠੱਪ ਹੋਣ ਕਾਰਨ ਦੇਸ਼ ਭਰ ਵਿਚ ਉਡਾਣਾਂ ਨੂੰ ਰੋਕਣਾ ਪਿਆ ਹੈ। ਮੁਲਿਨ ਨੇ ਕਿਹਾ ਕਿ ਅਸੀਂ ਅਮਰੀਕੀ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਇਹ ਕੋਈ ਸੁਰੱਖਿਆ ਖ਼ਤਰਾ ਨਹੀਂ ਹੈ। ਏਅਰਲਾਈਨਜ਼ ਫਾਰ ਅਮਰੀਕਾ ਜੋ ਕਿ ਅਮਰੀਕਾ ਦੀਆਂ ਪ੍ਰਮੁੱਖ ਏਅਰਲਾਈਨਾਂ ਦੀ ਵਪਾਰਕ ਸੰਸਥਾ ਹੈ, ਨੇ ਕਿਹਾ ਹੈ ਕਿ ਉਹ ਫੈਡਰਲ ਏਵੀਏਸ਼ਨ ਐਡਮਿਨਿਸਟਰੇਸ਼ਨ ਅਤੇ ਆਵਾਜਾਈ ਵਿਭਾਗ ਦੇ ਨਾਲ ਲਗਾਤਾਰ ਸੰਪਰਕ ਵਿਚ ਹੈ। ਦੂਸਰੇ ਪਾਸੇ ਡੈਮੋਕਰੇਟਸ ਆਗੂ ਇਸ ਘਟਨਾ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਦੀ ਅਲੋਚਨਾ ਕਰ ਰਹੇ ਹਨ। ਇਲੀਨੋਇਸ ਤੋਂ ਡੈਮੋਕਰੇਟਿਕ ਸੈਨੇਟਰ ਟੈਮੀ ਡਕਵਰਥ ਨੇ ਕਿਹਾ ਕਿ ਉਹ ਐਫ.ਏ.ਏ. ਤੋਂ ਜਵਾਬ ਮੰਗਣਗੇ। ਵਾਸ਼ਿੰਗਟਨ ਤੋਂ ਸੈਨੇਟਰ ਮਾਰੀਆ ਕੈਂਟਵੈਲ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਐਫ.ਏ.ਏ. ਦੇ ਸੰਪਰਕ ਵਿਚ ਹੈ ਅਤੇ ਸਥਿਤੀ ਦਾ ਜਾਇਜ਼ਾ ਲੈ ਰਹੀ ਹੈ।