ਯਮੁਨਾਨਗਰ, 3 ਜਨਵਰੀ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਵਲੋਂ ਆਪਣੀ ਅਕਾਦਮਿਕ ਸੁਸਾਇਟੀ ਕਿ੍ਟਿਕ ਦੇ ਅਧੀਨ 'ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਭਾਰਤੀ ਇਤਿਹਾਸ 'ਤੇ ਪ੍ਰਭਾਵ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ | ਇਸ ਮੌਕੇ ਪੰਜਾਬ ਦੇ ਪ੍ਰਸਿੱਧ ਲੇਖਕ ਅਤੇ ਚਿੰਤਕ ਡਾ. ਪਰਮਜੀਤ ਸਿੰਘ ਮਾਨਸਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਕ ਪ੍ਰਭਾਵ, ਜੀਵਨ ਸੰਘਰਸ਼ ਅਤੇ ਕੁਰਬਾਨੀ ਦੀ ਗੌਰਵਮਈ ਗਾਥਾ ਨੂੰ ਬਿਆਨ ਕੀਤਾ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਜਿਹੀ ਸ਼ਖ਼ਸੀਅਤ ਸਨ, ਜਿਨ੍ਹਾਂ 'ਚ ਦੂਰਅੰਦੇਸ਼ੀ ਰਹਿਬਰ, ਫ਼ਿਲਾਸਫਰ ਅਤੇ ਸੰਤ ਕਵੀ ਹੋਣ ਦੇ ਨਾਲ-ਨਾਲ ਯੁੱਗ ਪੁਰਖ ਹੋਣ ਦੇ ਗੁਣ ਮੌਜੂਦ ਸਨ | ਆਪਣੇ ਅਜਿਹੇ ਵਿਲੱਖਣ ਪ੍ਰਭਾਵ ਕਰਕੇ ਹੀ ਗੁਰੂ ਸਾਹਿਬ ਨੇ ਭਾਰਤੀ ਇਤਿਹਾਸ ਵਿਚ ਇਕ ਨਵਾਂ ਅਧਿਆਏ ਸ਼ੁਰੂ ਕੀਤਾ | ਇਤਿਹਾਸ ਦੀ ਸਿਰਜਣਾ ਦੇ ਨਾਲ-ਨਾਲ ਸਾਹਿਤਕ ਸਿਰਜਣਾ ਵੀ ਗੁਰੂ ਸਾਹਿਬ ਦੀ ਸ਼ਖ਼ਸੀਅਤ ਦਾ ਵਿਸ਼ੇਸ਼ ਗੁਣ ਸੀ | ਇਸ ਮੌਕੇ ਕਾਲਜ ਦੇ ਪਿ੍ੰ. ਡਾ. ਅਰਵਿੰਦਰ ਸਿੰਘ ਭੱਲਾ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਤਿਹਾਸਕ ਵਿਰਾਸਤ ਵਿਦਿਆਰਥੀਆਂ ਨੂੰ ਹਿੰਮਤ, ਸੇਵਾ ਅਤੇ ਨੈਤਿਕ ਮੁੱਲਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਦੀ ਹੈ | ਇਸ ਮੌਕੇ ਡਾ. ਵਿਨੇ ਚੰਦੇਲ ਐਸੋਸੀਏਟ ਪ੍ਰੋਫੈਸਰ ਹਿੰਦੀ ਵਿਭਾਗ ਨੇ ਕੋਆਰਡੀਨੇਟਰ, ਪ੍ਰੋ. ਅੰਮਿ੍ਤਪਾਲ ਸਿੰਘ ਸਹਾਇਕ ਪ੍ਰੋਫੈਸਰ ਪੰਜਾਬੀ ਵਿਭਾਗ ਨੇ ਕਨਵੀਨਰ ਅਤੇ ਡਾ. ਰਮਨਦੀਪ ਮਾਹਲ ਸਹਾਇਕ ਪ੍ਰੋਫੈਸਰ ਅੰਗਰੇਜੀ ਵਿਭਾਗ ਨੇ ਕੋ-ਕਨਵੀਨਰ ਦੀ ਭੂਮਿਕਾ ਨਿਭਾਈ | ਅੰਤ 'ਚ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਨੇ ਇਸ ਵਿਸ਼ੇਸ਼ ਲੈਕਚਰ ਦੀ ਸ਼ਲਾਘਾ ਇਕ ਸਾਰਥਿਕ ਅਕਾਦਮਿਕ ਯਤਨ ਵਜੋਂ ਕੀਤੀ | ਉਨ੍ਹਾਂ ਕਿਹਾ ਕਿ ਇਸ ਲੈਕਚਰ ਨੇ ਕਾਲਜ ਦੇ ਬੌਧਿਕ ਅਤੇ ਸੱਭਿਆਚਾਰਕ ਵਾਤਾਵਰਨ ਨੂੰ ਅਮੀਰ ਬਣਾਇਆ ਹੈ | ਲੈਕਚਰ 'ਚ ਵਿਦਿਆਰਥੀਆਂ ਸਮੇਤ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਅਤੇ ਵਿਦਵਾਨਾਂ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ |