ਜਲੰਧਰ, 3 ਜਨਵਰੀ (ਸ਼ੈਲੀ)- ਕਮਿਸ਼ਨਰੇਟ ਪੁਲਿਸ ਦੇ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਵਾਹਨ ਤੇ ਵਾਹਨਾਂ ਦੇ ਪੁਰਜ਼ੇ ਬਰਾਮਦ ਕੀਤੇ ਹਨ | ਗਿ੍ਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਅਨੁਜ ਅਰੋੜਾ ਪੁੱਤਰ ਤਰਸੇਮ ਲਾਲ, ਗੁਰਪ੍ਰੀਤ ਸਿੰਘ ਪੁੱਤਰ ਹਰਚਰਨ ਸਿੰਘ ਤੇ ਆਸ਼ੂ ਪੁੱਤਰ ਤਰਸੇਮ ਸਿੰਘ ਤਿੰਨੇ ਹੀ ਵਾਸੀ ਪਿੰਡ ਨਡਾਲਾ, ਕਪੂਰਥਲਾ ਵਜੋਂ ਹੋਈ ਹੈ | ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਨੇ ਦੱਸਿਆ ਕਿ ਥਾਣਾ ਭਾਰਗੋ ਕੈਂਪ ਦੇ ਏ.ਐਸ.ਆਈ. ਜਰਮਨਜੀਤ ਸਿੰਘ ਕੋਲ ਸ਼ੁਭਮ ਪੁੱਤਰ ਮਦਨ ਲਾਲ, ਵਾਸੀ ਭਾਰਗਵ ਨਗਰ ਜਲੰਧਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ | ਸ਼ਿਕਾਇਤਕਰਤਾ ਨੇ ਦੱਸਿਆ ਕਿ 27 ਦਸੰਬਰ ਨੂੰ ਲਗਭਗ 12 ਵਜੇ ਦੁਪਹਿਰ ਉਹ ਆਪਣੀ ਮੋਟਰਸਾਈਕਲ 'ਤੇ ਮਾਡਲ ਹਾਊਸ ਵੱਲ ਜਾ ਰਿਹਾ ਸੀ ਕਿ ਲਕਸ਼ਮੀ ਨਾਰਾਇਣ ਮੰਦਰ ਦੇ ਨੇੜੇ ਇੱਕ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ | ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਅਨੁਜ ਅਰੋੜਾ ਨੇ ਹੱਥ ਵਿਚ ਦਾਤਰ ਫੜ ਕੇ ਡਰਾ ਧਮਕਾ ਕੇ ਸ਼ਿਕਾਇਤਕਰਤਾ ਦਾ ਮੋਟਰਸਾਈਕਲ ਖੋਹ ਲਿਆ | ਰੌਲਾ ਪਾਉਣ 'ਤੇ ਅਨੁਜ ਨੂੰ ਮੌਕੇ 'ਤੇ ਲੋਕਾਂ ਵੱਲੋਂ ਕਾਬੂ ਕਰ ਲਿਆ ਗਿਆ ਜਦਕਿ ਉਸ ਦਾ ਸਾਥੀ ਗੁਰਪ੍ਰੀਤ ਸਿੰਘ ਮੋਟਰਸਾਈਕਲ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ | ਇਸ ਸੰਬੰਧੀ ਥਾਣਾ ਭਾਰਗੋ ਕੈਂਪ ਵਿਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ | ਜਾਂਚ ਦੌਰਾਨ ਪੁਲਿਸ ਨੇ 28 ਦਸੰਬਰ ਨੂੰ ਅਨੁਜ ਅਰੋੜਾ ਤੇ 29 ਦਸੰਬਰ ਨੂੰ ਗੁਰਪ੍ਰੀਤ ਸਿੰਘ ਨੂੰ ਗਿ੍ਫ਼ਤਾਰ ਕੀਤਾ | ਅਨੁਜ ਦੇ ਬਿਆਨਾਂ ਦੇ ਆਧਾਰ 'ਤੇ ਤੀਜੇ ਦੋਸ਼ੀ ਆਸ਼ੂ ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ¢ ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਦੇ ਕਬਜ਼ੇ ਵਿਚੋਂ ਪੰਜ ਮੋਟਰਸਾਈਕਲਾਂ, ਇੱਕ ਐਕਟੀਵਾ ਅਤੇ ਇੱਕ ਮੋਟਰਸਾਈਕਲ ਦੇ ਪੁਰਜ਼ੇ ਬਰਾਮਦ ਕੀਤੇ ਗਏ ਹਨ | ਇਸ ਮਾਮਲੇ ਵਿਚ ਕਬਾੜ ਦਾ ਕੰਮ ਕਰਨ ਵਾਲੇ ਰਣਜੀਤ ਸਿੰਘ ਉਰਫ਼ ਕਾਕਾ, ਵਾਸੀ ਕਪੂਰਥਲਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ | ਮਾਮਲੇ ਦੀ ਹੋਰ ਜਾਂਚ ਜਾਰੀ ਹੈ |