ਕਾਲਾਂਵਾਲੀ/ਸਿਰਸਾ, 5 ਜਨਵਰੀ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਔਢਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ | ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਔਢਾਂ ਤੋਂ ਸ਼ੁਰੂ ਹੋਇਆ ਅਤੇ ਪਿੰਡ ਦੀ ਵੱਖ-ਵੱਖ ਗਲੀਆਂ ਤੇ ਮੁਹੱਲਿਆਂ 'ਚੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪੁੱਜਾ | ਨਗਰ ਕੀਰਤਨ ਦੀ ਅਗਵਾਈ ਗੁਰੂ ਜੀ ਦੇ ਪੰਜ ਪਿਆਰਿਆਂ ਨੇ ਕੀਤੀ | ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਨੂੰ ਇਕ ਪ੍ਰਦਰਸ਼ਨੀ ਦੇ ਰੂਪ ਵਿਚ ਪ੍ਰਦਰਸ਼ਿਤ ਕੀਤਾ ਗਿਆ | ਨਗਰ ਕੀਰਤਨ ਵਿਚ ਸਿੱਖ ਨੌਜਵਾਨਾਂ ਗਤਕੇ ਦੇ ਜੌਹਰ ਦਿਖਾਏ ਅਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ | ਨਗਰ ਕੀਰਤਨ ਦੇ ਹਰ ਪੜਾਅ 'ਤੇ ਰਾਗੀ ਜਥੇ ਦੇ ਮੈਂਬਰ ਜੀਤ ਸਿੰਘ ਤੇ ਕਵੀਸ਼ਰੀ ਜਥੇ ਦੇ ਮੈਂਬਰ ਮੱਖਣ ਸਿੰਘ ਫੌਜੀ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਸੁਣਾਇਆ | ਨਗਰ ਕੀਰਤਨ ਦੇ ਰਸਤੇ 'ਤੇ ਪਿੰਡ ਵਾਸੀਆਂ ਨੇ ਆਪਣੇ ਘਰਾਂ ਦੇ ਸਾਹਮਣੇ ਸਫਾਈ ਕੀਤੀ ਅਤੇ ਨੌਜਵਾਨਾਂ ਨੇ ਵੱਖ-ਵੱਖ ਥਾਵਾਂ 'ਤੇ ਸਵਾਗਤੀ ਗੇਟ ਬਣਾਏ | ਨਗਰ ਕੀਰਤਨ ਦੇ ਨਾਲ ਆਈ ਸੰਗਤ ਲਈ ਪਿੰਡ ਦੀਆਂ ਕਈ ਗਲੀਆਂ ਅਤੇ ਮੁਹੱਲਿਆਂ ਵਿਚ ਚਾਹ ਪਾਣੀ ਦੇ ਲਗਾਏ ਗਏ ਸਨ | ਮੁੱਖ ਸੇਵਾਦਾਰਾਂ ਤੇ ਪਿੰਡ ਵਾਸੀਆਂ ਸਮੇਤ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਗਰ ਕੀਰਤਨ ਵਿਚ ਉਤਸ਼ਾਹ ਨਾਲ ਹਿੱਸਾ ਲਿਆ |