ਟੋਹਾਣਾ, 6 ਜਨਵਰੀ (ਮਨਜੀਤ ਸਿੰਘ)-ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ 'ਤੇ ਰਾਮਨਗਰ ਟੋਹਾਣਾ ਦੇ ਬਾਬਾ ਬੰਦਾ ਬਹਾਦਰ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮਾਗਮ 'ਚ ਸ਼ਰਧਾ ਨਾਲ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਆਪਣਾ ਸੀਸ ਝੁਕਾਇਆ ਅਤੇ ਸਮੁੱਚੇ ਸਮਾਜ ਦੀ ਭਲਾਈ ਲਈ ਅਰਦਾਸ ਕੀਤੀ | ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਵਿਚਾਰਾਂ ਨੂੰ ਯਾਦ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦਾ ਸਮੁੱਚਾ ਜੀਵਨ ਧਰਮ ਦੀ ਰੱਖਿਆ, ਅਨਿਆਂ ਨਾਲ ਲੜਨ, ਮਨੁੱਖਤਾ ਦੀ ਸੇਵਾ ਕਰਨ ਅਤੇ ਕੁਰਬਾਨੀ ਦੇਣ ਦੀ ਇਕ ਵਿਲੱਖਣ ਉਦਾਹਰਨ ਹੈ | ਉਨ੍ਹਾਂ ਦੁਆਰਾ ਸਥਾਪਿਤ ਕੀਤੇ ਆਦਰਸ਼ ਅੱਜ ਵੀ ਸਮਾਜ ਨੂੰ ਸੱਚਾਈ, ਹਿੰਮਤ ਅਤੇ ਕਰਤੱਵ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕਰਦੇ ਹਨ | ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤੇ ਗਏ ਸੰਦੇਸ਼ ਸਮਾਜਿਕ ਸਦਭਾਵਨਾ, ਆਪਸੀ ਭਾਈਚਾਰੇ ਤੇ ਸਮਾਨਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ | ਅਜਿਹੇ ਮਹਾਨ ਗੁਰੂਆਂ ਦੀਆਂ ਸਿੱਖਿਆਵਾਂ ਸਮਾਜ ਨੂੰ ਇਕਜੁੱਟ ਕਰਨ ਅਤੇ ਰਾਸ਼ਟਰ ਨਿਰਮਾਣ ਲਈ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਦਾ ਕੰਮ ਕਰਦੀਆਂ ਹਨ | ਰਾਜ ਸਭਾ ਮੈਂਬਰ ਨੇ ਕਿਹਾ ਕਿ ਮੌਜੂਦਾ ਸਰਕਾਰ ਰਾਜ ਭਰ ਵਿਚ ਮਹਾਂਪੁਰਖਾਂ, ਸੰਤਾਂ ਤੇ ਗੁਰੂਆਂ ਦੇ ਜਨਮ ਦਿਹਾੜੇ ਅਤੇ ਜਨਮ ਦਿਵਸ ਸਤਿਕਾਰ, ਸ਼ਰਧਾ ਤੇ ਮਾਣ ਨਾਲ ਮਨਾ ਰਹੀ ਹੈ | ਇਨ੍ਹਾਂ ਸਮਾਗਮਾਂ ਰਾਹੀਂ ਸਰਕਾਰ ਨੌਜਵਾਨਾਂ ਨੂੰ ਮਹਾਂਪੁਰਖਾਂ ਦੇ ਜੀਵਨ ਦਰਸ਼ਨਾਂ ਨਾਲ ਜੋੜ ਰਹੀ ਹੈ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਜਨ-ਜਨ ਤੱਕ ਪਹੁੰਚਾ ਰਹੀ ਹੈ | ਸ਼ਹਿਰ ਵਾਸੀਆਂ ਵਲੋਂ ਸ਼ਹਿਰ ਵਿਚ ਆ ਰਹੀਆਂ ਸਮੱਸਿਆ ਸੰਬੰਧੀ ਇਕ ਮੰਗ ਪੱਤਰ ਵੀ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੂੰ ਸੌਂਪਿਆ ਗਿਆ | ਇਸ ਸਮੇਂ ਨਰੇਸ਼ ਬਾਂਸਲ ਚੇਅਰਮੈਨ ਮਿਊਾਸੀਪਲ ਕਾਰਪੋਰੇਸ਼ਨ, ਰਮਨ ਮੜੀਆ ਸ਼ਹਿਰੀ ਪ੍ਰਧਾਨ ਟੋਹਾਣਾ, ਰਵਿੰਦਰ ਮਹਿਤਾ, ਸੰਜੇ ਰੇਵੜੀ, ਜਗਦੀਸ਼ ਚੰਦ ਪ੍ਰਧਾਨ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਰਾਮਨਗਰ, ਡਾ. ਰਮੇਸ਼ ਗੁਲਾਟੀ, ਗੁਰਦੁਆਰਾ ਸਾਹਿਬ ਦੇ ਖ਼ਜ਼ਾਨਚੀ ਤੀਰਥ ਦਾਸ ਗੁਲਾਟੀ ਤੋਂ ਇਲਾਵਾ ਇਲਾਕੇ ਦੀਆਂ ਨਾਮਵਰ ਹਸਤੀਆਂ ਗੁਰੂ ਘਰ ਹਾਜ਼ਰੀ ਭਰਨ ਪਹੁੰਚੀਆਂ |
ਬਾਬਾ ਬੰਦਾ ਬਹਾਦਰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ <br/>
ਸ਼ਹਿਰ ਵਾਸੀ ਮੰਗ ਪੱਤਰ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੂੰ ਸੌਂਪਣ ਸਮੇਂ | ਤਸਵੀਰ : ਮਨਜੀਤ ਸਿੰਘ ਟੋਹਾਣਾ<br/>
07-01-2026