ਜਲੰਧਰ, 25 ਜਨਵਰੀ (ਚੰਦੀਪ ਭੱਲਾ)- ਸਵੈ-ਸਹਾਇਤਾ ਸਮੂਹਾਂ ਦੀਆਂ ਮੈਂਬਰਾਂ ਨੂੰ ਉਨ੍ਹਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਦੀ ਵਿੱਕਰੀ ਲਈ ਲੋੜੀਂਦਾ ਪਲੇਟਫ਼ਾਰਮ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 27 ਜਨਵਰੀ ਤੋਂ 'ਪੰਜਾਬ ਸਖੀ ਸ਼ਕਤੀ ਮੇਲਾ-2026' ਕਰਵਾਇਆ ਜਾ ਰਿਹਾ ਹੈ, ਜੋ ਕਿ 29 ਜਨਵਰੀ 2026 ਤੱਕ ਜਾਰੀ ਰਹੇਗਾ | ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਵਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਤਿੰਨ ਦਿਨਾਂ ਮੇਲਾ ਆਜੀਵਿਕਾ ਮਿਸ਼ਨ ਤਹਿਤ ਜ਼ਿਲ੍ਹਾ ਉਦਯੋਗ ਕੇਂਦਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਹ ਮੇਲਾ ਸਥਾਨਕ ਰੈੱਡ ਕਰਾਸ ਭਵਨ, ਲਾਜਪਤ ਨਗਰ ਵਿਖੇ ਲਗਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿਚ ਸਵੈ-ਸਹਾਇਤਾ ਸਮੂਹਾਂ ਦੀਆਂ ਮੈਂਬਰ ਮਹਿਲਾਵਾਂ ਵੱਲੋਂ ਤਿਆਰ ਕੀਤੇ ਗਏ ਸਾਮਾਨ ਜਿਨ੍ਹਾਂ ਵਿਚ ਕੱਪੜੇ, ਆਰਟੀਫੀਸ਼ੀਅਲ ਜਿਊਲਰੀ, ਆਚਾਰ, ਮੁਰੱਬੇ, ਚਟਣੀਆਂ, ਜੂਟ ਦਾ ਸਾਮਾਨ, ਆਰਗੈਨਿਕ ਹਲਦੀ, ਸ਼ਹਿਦ, ਸਰ੍ਹੋਂ ਤੇ ਨਾਰੀਅਲ ਦਾ ਤੇਲ ਆਦਿ ਸ਼ਾਮਲ ਹੈ, ਦੇ ਸਟਾਲ ਲਗਾਏ ਜਾਣਗੇ | ਉਨ੍ਹਾਂ ਅੱਗੇ ਦੱਸਿਆ ਕਿ ਮੇਲੇ ਦੌਰਾਨ ਲਾਈਵ ਫੂਡ ਸਟਾਲ ਵੀ ਲਗਾਏ ਜਾਣਗੇ | ਇਸ ਤੋਂ ਇਲਾਵਾ ਬੱਚਿਆਂ ਲਈ ਮੈਜਿਕ ਸ਼ੋਅ, ਝੂਲੇ ਆਦਿ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ ਤੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ | ਵਧੀਕ ਡਿਪਟੀ ਕਮਿਸ਼ਨਰ ਨੇ ਜਲੰਧਰ ਵਾਸੀਆਂ ਨੂੰ ਆਪਣੇ ਪਰਿਵਾਰਾਂ ਸਮੇਤ ਇਸ ਮੇਲੇ 'ਚ ਵਧ-ਚੜ੍ਹ ਕੇ ਪਹੁੰਚਣ ਦਾ ਨਿੱਘਾ ਸੱਦਾ ਵੀ ਦਿੱਤਾ |