ਨਰਾਇਣਗੜ੍ਹ, 28 ਜਨਵਰੀ (ਪੀ. ਸਿੰਘ)-ਐਸ. ਡੀ. ਐਮ. ਸ਼ਿਵਜੀਤ ਭਾਰਤੀ ਨੇ ਅੱਜ ਸਿਵਲ ਹਸਪਤਾਲ ਨਾਰਾਇਣਗੜ੍ਹ ਦਾ ਦੌਰਾ ਕਰ ਕੇ ਉੱਥੇ ਸਿਹਤ ਸਹੂਲਤਾਂ, ਪ੍ਰਬੰਧਾਂ ਅਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ | ਇਸ ਦੌਰੇ ਦੌਰਾਨ ਉਨ੍ਹਾਂ ਹਸਪਤਾਲ ਪ੍ਰਸ਼ਾਸਨ, ਡਾਕਟਰਾਂ, ਸਿਹਤ ਕਰਮਚਾਰੀਆਂ ਅਤੇ ਇਲਾਜ ਅਧੀਨ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਸਿਹਤ ਸੇਵਾਵਾਂ ਦੀ ਅਸਲ ਸਥਿਤੀ ਬਾਰੇ ਜਾਣਕਾਰੀ ਲਈ ਅਤੇ ਜ਼ਰੂਰੀ ਮਾਰਗਦਰਸ਼ਨ ਦਿੱਤਾ | ਇਸ ਮੌਕੇ ਐਸ. ਡੀ. ਐਮ. ਨੇ ਮਹਿਲਾ ਵਾਰਡ ਦਾ ਨਿਰੀਖਣ ਕੀਤਾ, ਜਿਥੇ ਉਨ੍ਹਾਂ ਸਫਾਈ, ਦਵਾਈਆਂ ਦੀ ਉਪਲਬਧਤਾ, ਬਿਸਤਰਿਆਂ ਦੀ ਸਥਿਤੀ ਅਤੇ ਮਰੀਜ਼ਾਂ ਦੀਆਂ ਸਹੂਲਤਾਂ ਦਾ ਮੁਲਾਂਕਣ ਕੀਤਾ | ਇਸ ਉਪਰੰਤ ਉਹ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ, ਕਤਾਰ ਪ੍ਰਬੰਧਾਂ ਅਤੇ ਸਟਾਫ ਦੀ ਕਾਰਗੁਜ਼ਾਰੀ ਦਾ ਨਿਰੀਖਣ ਕਰਨ ਲਈ ਰਜਿਸਟ੍ਰੇਸ਼ਨ ਰੂਮ 'ਚ ਪਹੁੰਚੇ | ਉਨ੍ਹਾਂ ਨੇ ਐਮਰਜੈਂਸੀ ਰੂਮ 'ਚ ਉਪਲਬਧ ਡਾਕਟਰੀ ਉਪਕਰਣਾਂ, ਡਾਕਟਰਾਂ ਦੀ ਤਾਇਨਾਤੀ ਅਤੇ ਤੁਰੰਤ ਇਲਾਜ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ | ਨਾਲ ਹੀ ਉਨ੍ਹਾਂ ਹਸਪਤਾਲ ਦੀ ਲੈਬ ਦਾ ਵੀ ਨਿਰੀਖਣ ਕਰਦਿਆਂ ਟੈਸਟਿੰਗ ਸਹੂਲਤਾਂ, ਰਿਪੋਰਟ ਵੰਡ ਪ੍ਰਣਾਲੀ ਅਤੇ ਜ਼ਰੂਰੀ ਸਰੋਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਇਸ ਮੌਕੇ ਉਨ੍ਹਾਂ ਹਦਾਇਤ ਕੀਤੀ ਕਿ ਟੈਸਟ ਰਿਪੋਰਟਾਂ ਸਮੇਂ ਸਿਰ ਉਪਲਬਧ ਕਰਵਾਈਆਂ ਜਾਣ ਤਾਂ ਜੋ ਮਰੀਜ਼ਾਂ ਨੂੰ ਬੇਲੋੜੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਹਸਪਤਾਲ ਦੇ ਅੰਦਰ ਹੋਰ ਵਿਭਾਗਾਂ ਅਤੇ ਸਹੂਲਤਾਂ ਦਾ ਵੀ ਨਿਰੀਖਣ ਕੀਤਾ | ਇਸ ਨਿਰੀਖਣ ਤੋਂ ਬਾਅਦ ਐਸ. ਡੀ. ਐਮ. ਨੇ ਸਿਵਲ ਹਸਪਤਾਲ ਦੀ ਨਵੀਂ ਬਣੀ ਇਮਾਰਤ ਦਾ ਨਿਰੀਖਣ ਕੀਤਾ ਅਤੇ ਉਸਾਰੀ ਕਾਰਜ ਦੀ ਗੁਣਵੱਤਾ ਅਤੇ ਪ੍ਰਗਤੀ ਦਾ ਜਾਇਜ਼ਾ ਲਿਆ | ਇਸ ਦੌਰਾਨ ਐਸ. ਐਮ. ਓ. ਡਾ. ਰਾਕੇਸ਼ ਸੈਣੀ ਅਤੇ ਐਸ. ਐਮ. ਓ. ਡਾ. ਮਨੋਜ ਨੇ ਐਸ. ਡੀ. ਐਮ. ਨੂੰ ਹਸਪਤਾਲ 'ਚ ਉਪਲਬਧ ਸਿਹਤ ਸੇਵਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਸਪਤਾਲ ਦੀ ਨਵੀਂ ਇਮਾਰਤ ਲਗਭਗ ਪੂਰੀ ਹੋ ਚੁੱਕੀ ਹੈ, ਜਦਕਿ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਲਈ ਚਾਰਦੀਵਾਰੀ ਤੇ ਰਿਹਾਇਸ਼ੀ ਇਮਾਰਤਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ |