ਨਵੀਂ ਦਿੱਲੀ, 28 ਜਨਵਰੀ (ਮਿਸਰਦੀਪ ਭਾਟੀਆ)-ਸਰਕਾਰੀ ਪੱਧਰ 'ਤੇ ਰਾਜਧਾਨੀ ਦਿੱਲੀ ਵਿਚ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਮਿਲਿਆ ਹੈ | ਜਿਸ ਸਦਕਾ ਦਿੱਲੀ ਅੰਦਰ ਮਾਰਗ ਦਰਸ਼ਕ ਬੋਰਡ ਪੰਜਾਬੀ ਭਾਸ਼ਾ ਵਿਚ ਲਿਖੇ ਹੋਏ ਨਜ਼ਰ ਆਉਂਦੇ ਹਨ | ਸਰਕਾਰ ਮੰਨਦੀ ਹੈ ਕਿ ਦਿੱਲੀ ਵਿਚ ਪੰਜਾਬੀ ਭਾਸ਼ੀ ਲੋਕ ਵਸਦੇ ਹਨ | ਜਿਸ ਸਦਕਾ ਸਕੂਲਾਂ, ਕਾਲਜਾਂ ਵਿਚ ਪੰਜਾਬੀ ਭਾਸ਼ਾ ਨੂੰ ਪੜ੍ਹਾਇਆ ਜਾ ਰਿਹਾ ਹੈ | ਲੇਕਿਨ ਤਸਵੀਰ ਦੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਮਾਰਗ ਦਰਸ਼ਕ ਬੋਰਡਾਂ ਵਿਚ ਪੰਜਾਬੀ ਭਾਸ਼ਾ ਵਿਚ ਗ਼ਲਤੀਆਂ ਦੀ ਭਰਮਾਰ ਨਜ਼ਰ ਆਉਂਦੀ ਹੈ | ਇਸ ਗੱਲ ਦਾ ਪ੍ਰਗਟਾਵਾ ਪੰਜਾਬੀ ਹੈਲਪ ਲਾਈਨ ਦੇ ਮੁੱਖ ਅਹੁਦੇਦਾਰ ਪ੍ਰਕਾਸ਼ ਸਿੰਘ ਗਿੱਲ ਨੇ ਕੀਤਾ ਹੈ ਕਿ ਐਨ.ਡੀ.ਐਮ.ਸੀ. ਵਲੋਂ ਨਵੀਂ ਦਿੱਲੀ ਵਿਚ ਥਾਂ-ਥਾਂ 'ਤੇ ਮਾਰਗ ਦਰਸ਼ਕ ਬੋਰਡ ਲਾਏ ਹੋਏ ਹਨ | ਇਹ ਬੋਰਡ ਪੰਜਾਬੀ ਭਾਸ਼ਾ ਵਿਚ ਵੀ ਲਿਖੇ ਹੋਏ ਹਨ | ਲੇਕਿਨ ਦੇਖਣ ਵਿਚ ਆਇਆ ਹੈ ਕਿ ਤਾਲਕਟੋਰਾ ਸਟੇਡੀਅਮ ਦੇ ਸਾਹਮਣੇ ਲੱਗਿਆ ਮਾਰਗ ਦਰਸ਼ਕ ਬੋਰਡ 'ਤੇ ਤਾਲਕਟੋਰਾ ਲੇਨ ਨੂੰ 'ਤਾਲਕਟੋਰਾ ਲੋਨ' ਲਿਖਿਆ ਹੋਇਆ ਹੈ | ਜਦਕਿ ਇਸ ਸੜਕ ਤੋਂ ਰੋਜ਼ਾਨਾ ਸੈਂਕੜੇ ਦੀ ਗਿਣਤੀ ਵਿਚ ਪੰਜਾਬੀਆਂ ਦਾ ਆਉਣਾ-ਜਾਣਾ ਹੈ | ਇਸੇ ਰਾਹ ਤੋਂ ਉਹ ਆਪਣੇ ਗੁਰਧਾਮਾਂ ਦੇ ਦਰਸ਼ਨਾਂ ਲਈ ਵੀ ਆਉਂਦੇ ਹਨ | ਲੇਕਿਨ ਕਿਸੇ ਨੇ ਵੀ ਇਸ ਬੋਰਡ 'ਤੇ ਲੱਗੀ ਹੋਈ ਗ਼ਲਤੀ ਵੱਲ ਧਿਆਨ ਨਹੀਂ ਦਿੱਤਾ | ਇਸਦੇ ਨਾਲ ਹੀ ਲੀ-ਮੈਰੇਡੀਅਨ ਹੋਟਲ ਦੇ ਸਾਹਮਣੇ ਵਾਲੇ ਬੋਰਡ ਫਿਰੋਜ਼ਸ਼ਾਹ ਰੋਡ 'ਤੇ 'ਫਰਿਜਸ਼ਾਹ ਰੋਡ' ਲਿਖਿਆ ਹੋਇਆ ਹੈ | ਇਸ ਰੋਡ 'ਤੇ ਪੰਜਾਬ ਨਾਲ ਸੰਬੰਧਤ ਐਮ.ਪੀ. ਵੀ ਆਉਂਦੇ-ਜਾਂਦੇ ਹਨ | ਲੇਕਿਨ ਕਿਸੇ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ | ਇਨ੍ਹਾਂ ਮਾਰਗ ਦਰਸ਼ਕ ਬੋਰਡਾਂ ਦੀਆਂ ਗਲਤੀਆਂ ਵੱਲ ਐਨ.ਡੀ.ਐਮ.ਸੀ. ਦੇ ਅਧਿਕਾਰੀਆਂ ਦਾ ਧਿਆਨ ਦਿਵਾਉਂਦੇ ਹੋਏ ਪ੍ਰਕਾਸ਼ ਸਿੰਘ ਗਿੱਲ ਨੇ ਅਪੀਲ ਕੀਤੀ ਕਿ ਉਹ ਛੇਤੀ ਤੋਂ ਛੇਤੀ ਇਨ੍ਹਾਂ ਗ਼ਲਤੀਆਂ ਨੂੰ ਠੀਕ ਕਰਾਉਣ | ਬੋਰਡ ਵਿਚ ਲੱਗੀਆਂ ਹੋਈਆਂ ਗ਼ਲਤੀਆਂ ਨਾਲ ਪੰਜਾਬੀਆਂ ਦੇ ਮਨਾਂ ਨੂੰ ਠੇਸ ਪਹੁੰਚਦੀ ਹੈ | ਇਸਦੇ ਨਾਲ ਹੀ ਉਨ੍ਹਾਂ ਨੇ ਐਨ.ਡੀ.ਐਮ.ਸੀ. ਨੂੰ ਆਪਣੇ ਮੈਗਜ਼ੀਨ 'ਪਾਲਿਕਾ ਸਮਾਚਾਰ' ਨੂੰ ਵੀ ਪਹਿਲ ਦੇ ਆਧਾਰ 'ਤ ਛਾਪਣ ਦੀ ਅਪੀਲ ਕੀਤੀ ਹੈ | ਜ਼ਿਕਰਯੋਗ ਹੈ ਕਿ ਪਾਲਿਕਾ ਸਮਾਚਾਰ ਵਿਚ ਇੰਗਲਿਸ਼, ਹਿੰਦੀ ਅਤੇ ਪੰਜਾਬੀ ਭਾਸ਼ਾ ਵਿਚ ਸੰਸਥਾ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਜਾਂਦਾ ਸੀ | ਲੇਕਿਨ ਕਾਫ਼ੀ ਸਮੇਂ ਤੋਂ ਇਹ ਮੈਗਜ਼ੀਨ ਵੀ ਬੰਦ ਪਿਆ ਹੈ | ਇਸ ਬਾਬਤ ਛੇਤੀ ਹੀ ਪੰਜਾਬੀ ਹੈਲਪ ਲਾਈਨ ਦੇ ਆਗੂਆਂ ਸੁਨੀਲ ਕੁਮਾਰ ਬੇਦੀ, ਮਹਿੰਦਰਪਾਲ, ਬੀਬੀ ਜਸਵਿੰਦਰ ਕੌਰ ਅਤੇ ਕੁਲਦੀਪ ਸਿੰਘ ਵਲੋਂ ਐਨ. ਡੀ. ਐਮ. ਸੀ. ਦੇ ਵਾਈਸ ਚੇਅਰਮੈਨ ਨਾਲ ਮੁਲਾਕਾਤ ਕਰ ਕੇ ਪੰਜਾਬੀ ਭਾਸ਼ਾ ਦਾ ਬਣਦਾ ਮਾਣ-ਸਤਿਕਾਰ ਦੇਣ ਲਈ ਬੇਨਤੀ ਕੀਤੀ ਜਾਵੇਗੀ |