ਸਿਰਸਾ, 26 ਫਰਵਰੀ (ਭੁਪਿੰਦਰ ਪੰਨੀਵਾਲੀਆ)-ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਐਮ. ਐਸ. ਸੀ. ਜ਼ੂਆਲੋਜੀ ਤੇ ਬੀ. ਐਸ. ਸੀ.-ਐਮ. ਐਸ. ਸੀ. ਇੰਟੀਗ੍ਰੇਟਿਡ ਲਾਈਫ ਸਾਇੰਸ ਦੇ ਵਿਦਿਆਰਥੀਆਂ ਨੇ ਓਟੂ ਵਿਚ ਮੱਛੀ ਬੀਜ ਫਾਰਮ ਦਾ ਵਿਦਿਅਕ ਦੌਰਾ ਕੀਤਾ | ਵਿਭਾਗ ਦੇ ਇੰਸਟਰਕਟਰ ਡਾ. ਹਰਕਿ੍ਸ਼ਨ ਕੰਬੋਜ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਵਿਜੇ ਕੁਮਾਰ ਦੀ ਅਗਵਾਈ ਤੇ ਵਿਭਾਗ ਦੇ ਮੁਖੀ ਪ੍ਰੋਫੈਸਰ ਜੋਗਿੰਦਰ ਦੀ ਅਗਵਾਈ ਹੇਠ ਇਹ ਦੌਰਾ ਵਿਦਿਆਰਥੀਆਂ ਨੂੰ ਆਧੁਨਿਕ ਮੱਛੀ ਪਾਲਣ ਤਕਨੀਕਾਂ ਅਤੇ ਮੱਛੀ ਬੀਜ ਉਤਪਾਦਨ ਦਾ ਵਿਹਾਰਕ ਗਿਆਨ ਪ੍ਰਦਾਨ ਕਰਨ ਲਈ ਕੀਤਾ | ਦੌਰੇ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਕਿਸਮਾਂ ਦੇ ਤਾਲਾਬਾਂ ਦੀ ਬਣਤਰ, ਸੰਤੁਲਿਤ ਮੱਛੀ ਖੁਰਾਕ, ਪਾਣੀ ਪ੍ਰਬੰਧਨ ਤੇ ਵਿਗਿਆਨਕ ਮੱਛੀ ਪਾਲਣ ਅਭਿਆਸਾਂ ਬਾਰੇ ਵਿਸਤਿ੍ਤ ਜਾਣਕਾਰੀ ਪ੍ਰਾਪਤ ਕੀਤੀ | ਫਾਰਮ ਸੁਪਰਵਾਈਜ਼ਰ ਰਣਜੀਤ ਕੁਮਾਰ ਤੇ ਰਿੰਕੂ ਨੇ ਪੂਰੀ ਮੱਛੀ ਪ੍ਰਜਨਨ ਪ੍ਰਕਿਰਿਆ ਨੂੰ ਵਿਸਥਾਰ ਵਿਚ ਦੱਸਿਆ | ਉਨ੍ਹਾਂ ਦੱਸਿਆ ਕਿ ਮੱਛੀ ਪਾਲਣ ਆਮਦਨ ਦਾ ਇਕ ਮਜ਼ਬੂਤ ਸਰੋਤ ਹੈ ਅਤੇ ਕਿਸਾਨਾਂ ਲਈ ਸਵੈ-ਰੁਜ਼ਗਾਰ ਤੇ ਆਰਥਿਕ ਵਿਕਾਸ ਲਈ ਕਈ ਮੌਕੇ ਪ੍ਰਦਾਨ ਕਰਦਾ ਹੈ |