ਯਮੁਨਾਨਗਰ, 26 ਫਰਵਰੀ (ਗੁਰਦਿਆਲ ਸਿੰਘ ਨਿਮਰ)-ਕ੍ਰਾਈਮ ਬ੍ਰਾਂਚ-1 ਦੀ ਟੀਮ ਵਲੋਂ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਮੇਂ ਬੇਰਹਿਮੀ ਨਾਲ ਕਤਲ ਦੇ ਦੋਸ਼ ਹੇਠ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸੰਬੰਧੀ ਡੀ. ਐਸ. ਪੀ. ਰਜਤ ਗੁਲੀਆ ਨੇ ਦੱਸਿਆ ਕਿ ਇੰਚਾਰਜ਼ ਕ੍ਰਾਈਮ ਬ੍ਰਾਂਚ-1 ਰਾਜ ਕੁਮਾਰ ਵਲੋਂ ਗਠਿਤ ਪੁਲਿਸ ਟੀਮ ਨੇ ਬੀਤੀ 25 ਫਰਵਰੀ ਨੂੰ ਇਸ ਕਤਲ ਮਾਮਲੇ ਦੇ ਮੁੱਖ ਮੁਲਜ਼ਮ ਸਤਯਮ ਕੁਮਾਰ ਖਰਵਾਰ ਪੁੱਤਰ ਸੰਜੇ ਕੁਮਾਰ ਵਾਸੀ ਗਗਹਾਰਾ ਥੰਮਨਪੁਰ ਜ਼ਿਲ੍ਹਾ ਬਲੀਆ ਯੂ. ਪੀ., ਮੌਜੂਦਾ ਵਾਸੀ ਮਧੂਬਨ ਕਾਲੋਨੀ ਜਗਾਧਰੀ ਅਤੇ ਕੁਸ਼ ਉਰਫ਼ ਘੀਆ ਪੁੱਤਰ ਲਕਸ਼ਮੀ ਚੰਦ ਵਾਸੀ ਕਲਿਆਣ ਨਗਰ ਜਗਾਧਰੀ ਜ਼ਿਲ੍ਹਾ ਯਮੁਨਾਨਗਰ ਨੂੰ ਜਗਾਧਰੀ ਤੋਂ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ 'ਤੇ ਖੁਲਾਸਾ ਹੋਇਆ ਕਿ ਬੀਤੀ 21 ਫਰਵਰੀ ਦੀ ਰਾਤ ਨੂੰ ਉਨ੍ਹਾਂ ਨੇ ਮਿ੍ਤਕ ਰਾਕੇਸ਼ ਉਰਫ਼ ਬਬਲਾ ਨੂੰ ਲੁੱਟਿਆ ਸੀ ਅਤੇ ਪਛਾਣ ਦੇ ਡਰੋਂ ਇੱਟਾਂ ਨਾਲ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ | ਦੋਵਾਂ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ | ਡੀ. ਐਸ. ਪੀ. ਨੇ ਦੱਸਿਆ ਕਿ ਮੁਲਜ਼ਮਾਂ ਤੋਂ ਰਿਮਾਂਡ ਦੌਰਾਨ ਅਪਰਾਧ 'ਚ ਲੁੱਟੀ ਗਈ ਰਕਮ ਬਰਾਮਦ ਕੀਤੀ ਜਾਵੇਗੀ ਤੇ ਘਟਨਾ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ |