ਟੋਹਾਣਾ/ਜਾਖਲ, 5 ਮਾਰਚ (ਮਨਜੀਤ ਸਿੰਘ)-ਨਸ਼ਾ ਤਸਕਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਟੋਹਾਣਾ ਸਿਟੀ ਪੁਲਿਸ ਨੇ ਇੱਕ ਦੋਸ਼ੀ ਨੂੰ 5.95 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟੋਹਾਣਾ ਸਿਟੀ ਪੁਲਿਸ ਥਾਣੇ ਦੇ ਇੰਚਾਰਜ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਚੌਂਕੀ ਚੰਡੀਗੜ੍ਹ ਰੋਡ, ਟੋਹਾਣਾ ਦੇ ਏ.ਐਸ.ਆਈ. ਮਨਜੀਤ ਸਿੰਘ ਆਪਣੀ ਟੀਮ ਦੇ ਨਾਲ ਨਸ਼ਾ ਤਸਕਰੀ ਨੂੰ ਰੋਕਣ ਲਈ ਰੇਲਵੇ ਪੁਲ ਚੰਡੀਗੜ੍ਹ ਰੋਡ ਤੋਂ ਇੰਦਰਾ ਕਲੋਨੀ ਵੱਲ ਗਸ਼ਤ ਕਰ ਰਹੇ ਸਨ | ਇਸ ਦੌਰਾਨ ਉਦਯੋਗਿਕ ਖੇਤਰ ਦੇ ਨੇੜੇ ਇੱਕ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਝੁੱਗੀਆਂ-ਝੌਂਪੜੀਆਂ ਵੱਲ ਜਾਣ ਲੱਗਾ ਅਤੇ ਸ਼ੱਕ ਦੇ ਆਧਾਰ 'ਤੇ ਉਸ ਨੰੂ ਕਾਬੂ ਕਰ ਲਿਆ ਗਿਆ | ਪੁੱਛਗਿੱਛ ਕਰਨ 'ਤੇ ਉਸ ਵਿਅਕਤੀ ਨੇ ਆਪਣਾ ਨਾਮ ਸਮੁੰਦਰ ਸਿੰਘ ਪੁੱਤਰ ਸਾਧੂ ਰਾਮ ਦੱਸਿਆ, ਜੋ ਕਿ ਵਾਰਡ ਨੰਬਰ 2, ਬਾਬਾ ਬੂਟਾ ਬਸਤੀ, ਟੋਹਾਣਾ ਦਾ ਰਹਿਣ ਵਾਲਾ ਹੈ | ਤਲਾਸ਼ੀ ਦੌਰਾਨ ਦੋਸ਼ੀ ਦੀ ਪੈਂਟ ਦੀ ਸੱਜੀ ਜੇਬ ਵਿਚੋਂ ਇੱਕ ਮੋਮੀ ਕਾਗਜ਼ ਵਿਚ 5.95 ਗ੍ਰਾਮ ਹੈਰੋਇਨ ਬਰਾਮਦ ਹੋਈ | ਬਰਾਮਦ ਕੀਤੀ ਗਈ ਹੈਰੋਇਨ ਨੂੰ ਨਿਯਮਾਂ ਅਨੁਸਾਰ ਸੀਲ ਕਰ ਕੇ ਜ਼ਬਤ ਕਰ ਲਿਆ ਗਿਆ | ਪੂਰੀ ਕਾਰਵਾਈ ਦੀ ਈ-ਸਾਕਸ਼ੀ ਐਪ ਰਾਹੀਂ ਵੀਡੀਓਗ੍ਰਾਫੀ ਕੀਤੀ ਗਈ | ਇਸ ਸਬੰਧ ਵਿਚ ਦੋਸ਼ੀ ਵਿਰੁੱਧ ਟੋਹਾਣਾ ਸ਼ਹਿਰ ਦੇ ਥਾਣੇ ਵਿਚ ਧਾਰਾ 21(ਬੀ)/61/85 ਐਨ.ਡੀ.ਪੀ.ਐਸ. ਐਕਟ ਤਹਿਤ 71/26 ਮਾਮਲਾ ਦਰਜ ਕੀਤਾ ਗਿਆ ਹੈ | ਮਾਮਲੇ ਦੀ ਹੋਰ ਜਾਂਚ ਜਾਰੀ ਹੈ ਅਤੇ ਦੋਸ਼ੀ ਵਿਰੁੱਧ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |