ਨਰਾਇਣਗੜ੍ਹ, 6 ਮਾਰਚ (ਪੀ. ਸਿੰਘ)-ਜ਼ਿਲ੍ਹਾ ਯੁਵਾ ਸ਼ਕਤੀ ਸੰਗਠਨ ਵਲੋਂ ਖੂਨਦਾਨ ਅਤੇ ਮੁਫ਼ਤ ਸਿਹਤ ਜਾਂਚ ਕੈਂਪ ਦਾ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਰਾਜ ਸਭਾ ਮੈਂਬਰ ਰੇਖਾ ਸ਼ਰਮਾ ਅਤੇ ਵਿਸ਼ੇਸ਼ ਮਹਿਮਾਨ ਸਮਾਜ ਸੇਵਿਕਾ ਅਤੇ ਆਜ਼ਮਪੁਰ ਦੇ ਸਰਪੰਚ ਨਵਜੋਤ ਸੈਣੀ ਨੇ ਕੀਤਾ | ਇਸ ਮੌਕੇ ਰਾਜ ਸਭਾ ਮੈਂਬਰ ਨੇ ਕਿਹਾ ਕਿ ਖੂਨਦਾਨ ਇਕ ਮਹਾਂ ਦਾਨ ਹੈ ਜੋ ਇਕ ਲੋੜਵੰਦ ਵਿਅਕਤੀ ਨੂੰ ਜੀਵਨ ਦਿੰਦਾ ਹੈ | ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਕਿ ਸ਼ਹਿਰ ਅਤੇ ਆਸ ਪਾਸ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਅਤੇ ਮਹਿਲਾਵਾਂ ਨੇ ਖੂਨਦਾਨ ਅਤੇ ਸਿਹਤ ਜਾਂਚ ਕੈਂਪ 'ਚ ਉਤਸ਼ਾਹ ਨਾਲ ਹਿੱਸਾ ਲਿਆ | ਉਨ੍ਹਾਂ ਸਾਰੇ ਤੰਦਰੁਸਤ ਲੋਕਾਂ ਨੂੰ ਨਿਯਮਿਤ ਤੌਰ 'ਤੇ ਖੂਨਦਾਨ ਕਰਨ ਦੀ ਅਪੀਲ ਕੀਤੀ | ਇਸ ਦੌਰਾਨ ਉਨ੍ਹਾਂ ਖੂਨਦਾਨੀਆਂ ਨੂੰ ਬੈਜ ਲਗਾ ਕੇ ਉਤਸ਼ਾਹਿਤ ਕੀਤਾ | ਇਸ ਮੌਕੇ ਸਰਪੰਚ ਸੈਣੀ ਨੇ ਵੀ ਖੂਨਦਾਨ ਕੀਤਾ ਅਤੇ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਡਾਕਟਰਾਂ ਅਨੁਸਾਰ ਖੂਨਦਾਨ ਕਰਨ ਨਾਲ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦਾ ਖ਼ਤਰਾ ਘੱਟ ਜਾਂਦਾ ਹੈ | ਇਸ ਕੈਂਪ 'ਚ ਬਹੁਤ ਸਾਰੇ ਨੌਜਵਾਨਾਂ ਨੇ ਆਪਣੀਆਂ ਪਤਨੀਆਂ ਦੇ ਨਾਲ ਖੂਨਦਾਨ ਕਰਕੇ ਸਮਾਜ ਲਈ ਇਕ ਪ੍ਰੇਰਨਾਦਾਇਕ ਉਦਾਹਰਣ ਪੇਸ਼ ਕੀਤੀ | ਇਹ ਖੂਨਦਾਨ ਕੈਂਪ ਡਾ. ਕਾਰਤਿਕ ਅਗਰਵਾਲ ਅਤੇ ਉਨ੍ਹਾਂ ਦੀ ਟੀਮ ਦੇ ਸਹਿਯੋਗ ਨਾਲ ਲਗਾਇਆ ਗਿਆ ਸੀ, ਜਿਸ 'ਚ 92 ਯੂਨਿਟ ਖੂਨ ਇਕੱਠਾ ਕੀਤਾ ਗਿਆ | ਇਸ ਕੈਂਪ 'ਚ ਸੰਗਠਨ ਦੇ ਪ੍ਰਧਾਨ ਬਲਜਿੰਦਰ ਸਿੰਘ ਨੇਕਨਾਵਨ ਨੇ 44ਵੀਂ ਵਾਰ ਅਤੇ ਜਨਰਲ ਸਕੱਤਰ ਸੋਹਨ ਲਾਲ ਸ਼ਰਮਾ ਝਿੜੀਵਾਲਾ ਨੇ 26ਵੀਂ ਵਾਰ ਖੂਨਦਾਨ ਕੀਤਾ | ਇਸ ਦੌਰਾਨ ਸੰਗਠਨ ਦੀ ਮੈਂਬਰ ਸੁਨੀਤਾ ਨੇਕਨਾਵਨ ਨੇ ਵੀ ਖੂਨਦਾਨ ਕੀਤਾ, ਜਿਸ ਨਾਲ ਹੋਰ ਮਹਿਲਾਵਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਭੂਸ਼ਣ ਹਸਪਤਾਲ ਨਾਰਾਇਣਗੜ੍ਹ ਦੇ ਡਾ. ਅਨਿਰੁਧ ਭੂਸ਼ਣ ਦੀ ਟੀਮ ਵਲੋਂ ਇਕ ਮੁਫ਼ਤ ਸਿਹਤ ਜਾਂਚ ਕੈਂਪ ਵੀ ਲਗਾਇਆ ਗਿਆ, ਜਿਸ 'ਚ ਈ. ਸੀ. ਜੀ., ਬਲੱਡ ਸ਼ੂਗਰ ਅਤੇ ਆਰਥੋਪੀਡਿਕ ਮਾਹਿਰਾਂ ਵਲੋਂ 85 ਮਰੀਜ਼ਾਂ ਦੀ ਜਾਂਚ ਅਤੇ ਉਨ੍ਹਾਂ ਨੂੰ ਸਲਾਹ ਦਿੱਤੀ ਗਈ | ਇਸ ਤੋਂ ਇਲਾਵਾ ਸਵਾਮੀ ਦੇਵੀ ਦਿਆਲ ਹਸਪਤਾਲ ਅਤੇ ਕਾਲਜ ਦੇ ਡਾ. ਕਰਨਵੀਰ ਸਿੰਘ ਅਤੇ ਡਾ. ਮਹਿਕ ਵਲੋਂ ਦੰਦਾਂ ਦੀ ਜਾਂਚ ਕੀਤੀ ਗਈ ਅਤੇ ਅੱਖਾਂ ਦੀ ਜਾਂਚ ਨੇਤਰ ਮਾਹਿਰ ਡਾ. ਵਿੱਕੀ ਵਲੋਂ ਕੀਤੀ ਗਈ | ਇਸ ਮੌਕੇ 106 ਮਰੀਜ਼ਾਂ ਨੂੰ ਮੁਫ਼ਤ ਜਾਂਚ, ਟੈਸਟ ਅਤੇ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ | ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਜਗਦੀਪ ਕੌਰ, ਕੌਂਸਲਰ ਸੁਰਜੀਤ ਸਿੰਘ ਰਾਜੂ ਮੱਕੜ ਤੇ ਸੰਜੀਵ ਕੌਸ਼ਿਕ, ਭੁਪਿੰਦਰ ਸਿੰਘ ਕਪੂਰ, ਯਸ਼ਪਾਲ ਸਿੰਘ, ਰਾਮ ਸ਼ਰਨ, ਸੁੰਦਰ ਲਾਲ ਝਿੜੀਵਾਲਾ, ਰਾਣੀ ਦੇਵੀ ਰਾਸ਼ਟਰੀ ਯੁਵਾ ਪੁਰਸਕਾਰ ਜੇਤੂ, ਸੁਨੀਤਾ ਦੇਵੀ, ਸ਼ੀਲਾ ਦੇਵੀ, ਸੁਮਿਤ ਕੁਮਾਰ ਸ਼ਰਮਾ, ਅਰਜਨ ਕੁਮਾਰ ਸ਼ਰਮਾ, ਰਾਜਿੰਦਰ ਸਿੰਘ ਰਾਵਤ, ਮੀਨਾਕਸ਼ੀ ਸੈਣੀ, ਪਿ੍ਯਾਂਸ਼ੂ ਸਿੰਘ, ਖੁਸ਼ਹਾਲ ਸਿੰਘ, ਕੋਮਲ ਰਾਣੀ, ਯੋਗੇਸ਼ ਸ਼ਰਮਾ, ਡਾ. ਰਾਕੇਸ਼ ਧੀਮਾਨ ਭੂਰੇਵਾਲਾ, ਪ੍ਰਵੀਨ ਸਮੇਤ ਕਈ ਹੋਰਾਂ ਨੇ ਉਤਸ਼ਾਹ ਨਾਲ ਯੋਗਦਾਨ ਪਾਇਆ |