ਸਾਈਬਰ ਠੱਗੀ: 2.37 ਲੱਖ ਦੀ ਠੱਗੀ ਦੇ ਦੋ ਮੁਲਜ਼ਮ ਯੂ.ਪੀ. ਤੇ ਸੰਗਰੂਰ ਤੋਂ ਕਾਬੂ
ਡੱਬਵਾਲੀ, 13 ਸਤੰਬਰ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਪੁਲਿਸ ਦੇ ਸਾਈਬਰ ਵਿੰਗ ਨੇ ਕਰੀਬ 2. 37 ਲੱਖ ਰੁਪਏ ਦੇ ਦੋ ਆਨਲਾਈਨ ਠੱਗੀ ਮਾਮਲੇ ਸੁਲਝਾਉਂਦੇ ਉੱਤਰ ਪ੍ਰਦੇਸ਼ ਤੋਂ ਵਿਵੇਕ ਸਿੰਘ ਅਤੇ ਸੰਗਰੂਰ ਤੋਂ ਗੁਰਲਾਲ ਸਿੰਘ ਨੂੰ ਕਾਬੂ ਕੀਤਾ ਹੈ।
ਡੱਬਵਾਲੀ, 13 ਸਤੰਬਰ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਪੁਲਿਸ ਦੇ ਸਾਈਬਰ ਵਿੰਗ ਨੇ ਕਰੀਬ 2.37 ਲੱਖ ਰੁਪਏ ਦੇ ਦੋ ਆਨਲਾਈਨ ਠੱਗੀ ਮਾਮਲੇ ਸੁਲਝਾਉਂਦੇ ਉੱਤਰ ਪ੍ਰਦੇਸ਼ ਤੋਂ ਵਿਵੇਕ ਸਿੰਘ ਅਤੇ ਸੰਗਰੂਰ ਤੋਂ ਗੁਰਲਾਲ ਸਿੰਘ ਨੂੰ ਕਾਬੂ ਕੀਤਾ ਹੈ। ਇੱਕ ਮਾਮਲੇ ’ਚ ਪੁਲਿਸ ਨੇ ਮੁਲਜ਼ਮ ਦੇ ਖਾਤੇ ’ਚੋਂ 30 ਹਜ਼ਾਰ ਰੁਪਏ ਫ਼ਰੀਜ਼ ਕਰਵਾ ਕੇ ਸੁਰੱਖਿਅਤ ਬਚਾ ਲਏ। ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ। ਸਾਈਬਰ ਥਾਣਾ ਮੁਖੀ ਤੇ ਪੁਲਿਸ ਬੁਲਾਰੇ ਆਨੰਦ ਕੁਮਾਰ ਬੈਨੀਵਾਲ ਨੇ ਦੱਸਿਆ ਕਿ ਪਹਿਲੇ ਮਾਮਲੇ ਵਿੱਚ ਹਰਦੀਪ ਸਿੰਘ ਨੇ ਗੂਗਲ ਤੋਂ ਮਿੰਤਰਾ ਦਾ ਜਾਅਲੀ ਕਸਟਮਰ ਕੇਅਰ ਨੰਬਰ ਲੈ ਕੇ ਫ਼ੋਨ ਕੀਤਾ ਸੀ। ਠੱਗਾਂ ਨੇ ਵੱਟਸਐਪ ਕਾਲ ਰਾਹੀਂ ਮੋਬਾਈਲ ਦੀ ਸਕਰੀਨ ਸ਼ੇਅਰ ਕਰਵਾ ਕੇ ਉਸ ਦੇ ਖਾਤੇ ਵਿੱਚੋਂ 1 ਲੱਖ 4 ਹਜ਼ਾਰ 666 ਰੁਪਏ ਉਡਾ ਲਏ। ਪੀਐੱਸਆਈ ਅਜੈ ਸਿੰਘ ਦੀ ਟੀਮ ਨੇ ਦੋ ਮਹੀਨਿਆਂ ਤੋਂ ਫ਼ਰਾਰ ਮੁਲਜ਼ਮ ਵਿਵੇਕ ਸਿੰਘ ਨੂੰ ਯੂਪੀ ਤੋਂ ਜਾ ਕਾਬੂ ਕੀਤਾ। ਦੂਜੇ ਮਾਮਲੇ ਵਿੱਚ ਮਨੋਜ ਕੁਮਾਰ ਦੇ ਖਾਤੇ ‘ਚੋਂ 1.33 ਲੱਖ ਰੁਪਏ ਕੱਢਣ ਦੇ ਦੋਸ਼ ਹੇਠ ਸਾਈਬਰ ਵਿੰਗ ਨੇ ਬੈਂਕ ਖਾਤੇ ਦੇ ਆਧਾਰ ‘ਤੇ ਸੰਗਰੂਰ ਦੇ ਵਸਨੀਕ ਗੁਰਲਾਲ ਸਿੰਘ ਨੂੰ ਦਬੋਚ ਲਿਆ। ਸਾਈਬਰ ਵਿੰਗ ਮੁਖੀ ਨੇ ਲੋਕਾਂ ਨੂੰ ਚੌਕਸ ਕਰਦਿਆਂ ਕਿਹਾ ਹੈ ਕਿ ਗੂਗਲ ਤੋਂ ਅਣਜਾਣ ਕਸਟਮਰ ਕੇਅਰ ਨੰਬਰ ਲੱਭਣ ਦੀ ਥਾਂ ਅਸਲ ਐਪ ਤੋਂ ਹੀ ਰਾਬਤਾ ਕਾਇਮ ਕਰਨ ਅਤੇ ਕਿਸੇ ਵੀ ਅਣਜਾਣ ਵਿਅਕਤੀ ਦੇ ਕਹਿਣ ‘ਤੇ ਆਪਣੇ ਫ਼ੋਨ ਦੀ ਸਕਰੀਨ ਸਾਂਝੀ ਨਾ ਕਰਨ।