ਗੂਹਲਾ ਚੀਕਾ, 10 ਮਾਰਚ (ਓ.ਪੀ. ਸੈਣੀ)-ਡੀ.ਏ.ਵੀ. ਕਾਲਜ, ਚੀਕਾ ਵਿਖੇ ਸੱਤ ਦਿਨਾਂ ਰਾਸ਼ਟਰੀ ਸੇਵਾ ਯੋਜਨਾ ਕੈਂਪ ਦਾ ਉਦਘਾਟਨ ਕੀਤਾ ਗਿਆ | ਐਮ.ਐਨ. ਕਾਲਜ, ਸ਼ਾਹਬਾਦ ਦੇ ਪਿ੍ੰਸੀਪਲ ਡਾ. ਅਸ਼ੋਕ ਕੁਮਾਰ ਮੁੱਖ ਮਹਿਮਾਨ ਵਜੋਂ ਮੌਜੂਦ ਸਨ | ਪ੍ਰੋਗਰਾਮ ਦੀ ਸ਼ੁਰੂਆਤ ਦੇਵੀ ਸਰਸਵਤੀ ਦੇ ਸਾਹਮਣੇ ਦੀਵਾ ਜਗਾ ਕੇ ਕੀਤੀ ਗਈ | ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਐਨ.ਐਸ.ਐਸ. ਵਿਦਿਆਰਥੀਆਂ ਦੀ ਸ਼ਖ਼ਸੀਅਤ ਵਿਕਾਸ ਲਈ ਇਕ ਮਹੱਤਵਪੂਰਨ ਪਲੇਟਫ਼ਾਰਮ ਹੈ, ਜੋ ਉਨ੍ਹਾਂ ਨੂੰ ਸਮਾਜ ਸੇਵਾ, ਅਨੁਸ਼ਾਸਨ ਅਤੇ ਲੀਡਰਸ਼ਿਪ ਨਾਲ ਜੋੜਦਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਅਤੇ ਸਮਾਜ ਸੇਵਾ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ | ਕੈਥਲ ਤੋਂ ਡੀਐਸਪੀ ਸੁਸ਼ੀਲ ਪ੍ਰਕਾਸ਼ ਕੈਂਪ ਦੇ ਸਾਮ ਦੇ ਸੈਸਨ ਵਿਚ ਮੁੱਖ ਬੁਲਾਰੇ ਸਨ | ਉਨ੍ਹਾਂ ਟ੍ਰੈਫਿਕ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਵਲੰਟੀਅਰਾਂ ਵਿਚ ਜਾਗਰੂਕਤਾ ਪੈਦਾ ਕੀਤੀ | ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਲਈ ਹਰ ਨਾਗਰਿਕ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਦੇ ਪਿ੍ੰਸੀਪਲ ਡਾ. ਜਸਬੀਰ ਸਿੰਘ ਨੇ ਕੀਤੀ | ਮੁੱਖ ਮਹਿਮਾਨਾਂ ਦਾ ਸਵਾਗਤ ਕਰਦਿਆਂ, ਉਨ੍ਹਾਂ ਐਨਐਸਐਸ ਦੀਆਂ ਗਤੀਵਿਧੀਆਂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਅਜਿਹੇ ਕੈਂਪ ਵਿਦਿਆਰਥੀਆਂ ਵਿਚ ਸਮਾਜਿਕ ਜਾਗਰੂਕਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੇ ਹਨ | ਉਨ੍ਹਾਂ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕੈਂਪ ਦੇ ਸਫਲ ਆਯੋਜਨ ਲਈ ਸਾਰੇ ਵਲੰਟੀਅਰਾਂ ਨੂੰ ਵਧਾਈ ਦਿੱਤੀ | ਇਸ ਮੌਕੇ ਐਨਐਸਐਸ ਅਧਿਕਾਰੀਆਂ ਡਾ. ਵੀਰੇਂਦਰ ਪਾਲ ਅਤੇ ਨੀਰਜ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ | ਉਨ੍ਹਾਂ ਨੇ ਵਲੰਟੀਅਰਾਂ ਨੂੰ ਐਨਐਸਐਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਸੱਤ ਦਿਨਾਂ ਕੈਂਪ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੱਤੀ |