ਕਰਨਾਲ, 11 ਮਾਰਚ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਮੁੱਖ ਦਫ਼ਤਰ ਹੁਣ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਵਿਖੇ ਤਿਆਰ ਹੋਵੇਗਾ, ਜਿਸ ਦਾ ਨੀਂਹ ਪੱਥਰ ਬੁੱਧਵਾਰ ਨੂੰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਡਾ, ਬਾਬਾ ਬਚਨ ਸਿੰਘ, ਬਾਬਾ ਜੋਗਾ ਸਿੰਘ, ਬਾਬਾ ਮਹਿੰਦਰ ਸਿੰਘ ਅਤੇ ਸੰਸਥਾ ਦੇ ਜਨਰਲ ਸਕੱਤਰ ਅੰਗਰੇਜ਼ ਸਿੰਘ ਰਾਣੀਆਂ, ਸੰਯੁਕਤ ਸਕੱਤਰ ਬਲਵਿੰਦਰ ਸਿੰਘ ਭਿੰਡਰ, ਕਾਰਜਕਾਰਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਨਿਮਨਾਬਾਦ, ਕੁਲਦੀਪ ਸਿੰਘ ਮੁਲਤਾਨੀ, ਪਲਵਿੰਦਰ ਸਿੰਘ, ਮੈਂਬਰ ਇੰਦਰਜੀਤ ਸਿੰਘ, ਗੁਰਨਾਮ ਸਿੰਘ ਲਾਡੀ ਡਬਰੀ, ਕੁਲਦੀਪ ਸਿੰਘ ਫੱਗੂ ਅਤੇ ਬਲਵਿੰਦਰ ਸਿੰਘ ਖਾਲਸਾ ਨੇ ਟੱਪਾ ਲਗਾ ਕੇ ਰੱਖਿਆ | ਇਸ ਤੋਂ ਪਹਿਲਾਂ ਸਭ ਨੇ ਗੁਰੂ ਚਰਨਾਂ 'ਚ ਅਰਦਾਸ ਕੀਤੀ | ਅਰਦਾਸ ਤੋਂ ਪਹਿਲਾਂ ਸਭ ਨੇ ਸੰਗਤ ਦੇ ਨਾਲ ਮਿਲ ਕੇ ਸ਼ਬਦ ਕੀਰਤਨ ਸ੍ਰਵਣ ਕੀਤਾ | ਜਥੇਦਾਰ ਝੀਂਡਾ ਨੇ ਕਿਹਾ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਦੇ ਵਿਹੜੇ ਸੰਸਥਾ ਦਾ ਮੁੱਖ ਦਫ਼ਤਰ ਬਣਨਾ ਬਹੁਤ ਹੀ ਸੁਭਾਗ ਵਾਲੀ ਗੱਲ ਹੈ | ਉਨ੍ਹਾਂ ਦੱਸਿਆ ਕਿ ਇਹ ਦਫ਼ਤਰ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋਵੇਗਾ | ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਐਡੀਸ਼ਨਲ ਸਕੱਤਰ ਪੀ. ਏ. ਸਤਪਾਲ ਸਿੰਘ ਡਾਚਰ, ਧਰਮ ਪ੍ਰਚਾਰ ਦੇ ਉਪ ਸਕੱਤਰ ਅਮਰਿੰਦਰ ਸਿੰਘ, ਧਰਮ ਪ੍ਰਚਾਰ ਇੰਚਾਰਜ ਪ੍ਰਗਟ ਸਿੰਘ, ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਦੇ ਮੈਨੇਜਰ ਹਰਮੀਤ ਸਿੰਘ ਅਤੇ ਆਈ. ਟੀ. ਵਿੰਗ ਇੰਚਾਰਜ ਹਰਕੀਰਤ ਸਿੰਘ ਸਮੇਤ ਸੰਗਤ ਮੌਜੂਦ ਸੀ |