ਜ਼ੀਰਾ, 27 ਮਾਰਚ (ਰਜਨੀਸ਼ ਕਥੂਰੀਆ)-ਸਥਾਨਕ ਸ਼ਹਿਰ ਦੇ ਸਮਾਧੀ ਮੁਹੱਲਾ ਵਿਖੇ ਇਕ ਪਰਿਵਾਰ ਦੇ ਸਾਂਝੇ ਮਕਾਨ ਦੀ ਵੰਡ ਨੂੰ ਲੈ ਕੇ ਮਾਨਯੋਗ ਹਾਈਕੋਰਟ ਵਿਚ ਚੱਲ ਰਹੇ ਕੇਸ ਦੇ ਬਾਵਜੂਦ ਇਕ ਧਿਰ ਵਲੋਂ ਮਕਾਨ ਦਾ ਕਬਜ਼ਾ ਲੈਣ ਦੀ ਨੀਅਤ ਨਾਲ ਆਪਣੇ ਰਿਸ਼ਤੇਦਾਰਾਂ ਦੀ ਕੁੱਟਮਾਰ ਕਰਨ ਤੇ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਪਤੀ, ਪਤਨੀ ਅਤੇ ਪੁੱਤਰ ਸਮੇਤ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ | ਰੌਸ਼ਨ ਲਾਲ ਪੁੱਤਰ ਹਜ਼ਾਰੀ ਲਾਲ ਵਾਸੀ ਸਮਾਧੀ ਮੁਹੱਲਾ ਜ਼ੀਰਾ ਨੇ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨ ਵਿਚ ਦੱਸਿਆ ਹੈ ਕਿ ਬੀਤੇ ਦਿਨੀਂ ਮੈਂ ਆਪਣੇ ਲੜਕੇ ਸਮੇਤ ਆਪਣੇ ਘਰ ਵਿਚ ਹਾਜ਼ਰ ਸੀ ਤਾਂ ਛਿੰਦਰਪਾਲ ਪੁੱਤਰ ਹਜ਼ਾਰੀ ਲਾਲ, ਉਸ ਦੀ ਪਤਨੀ ਆਸ਼ਾ ਰਾਣੀ, ਉਸ ਦਾ ਪੁੱਤਰ ਨੀਰਜ ਕੁਮਾਰ ਵਾਸੀਆਨ ਸਮਾਧੀ ਮੁਹੱਲਾ ਜ਼ੀਰਾ ਅਤੇ ਮੀਨੂ ਰਾਣੀ ਪਤਨੀ ਅਜੇ ਕੁਮਾਰ ਪੁੱਤਰ ਨਾਮਾਲੂਮ ਵਾਸੀ ਲੁਧਿਆਣਾ ਸਾਡੀ ਸਾਂਝੀ ਬੈਠਕ ਵਿਚ ਸਮਾਨ ਵਗ਼ੈਰਾ ਲਾਉਣ ਲੱਗ ਪਏ ਤਾਂ ਮੈ ਕਿਹਾ ਕਿ ਬੈਠਕ ਵਿੱਚ ਸਮਾਨ ਨਾ ਲਗਾਓ ਕਿਉਂਕਿ ਜਦੋਂ ਮਾਨਯੋਗ ਕੋਰਟ ਵਲੋਂ ਫ਼ੈਸਲਾ ਹੋਵੇਗਾ ਤਾਂ ਸਮਾਨ ਰੱਖ ਲੈਣਾ ਤਾਂ ਉਕਤ ਦੋਸ਼ੀ ਗਾਲ਼ੀ ਗਲੋਚ ਕਰਨ ਲੱਗ ਪਏ | ਜਿਨ੍ਹਾਂ ਨੇ ਰਲ ਕੇ ਹਥਿਆਰਾਂ ਨਾਲ ਮੇਰੀ ਮਾਰ ਕੁੱਟ ਕਰਕੇ ਸੱਟਾਂ ਮਾਰ ਦਿੱਤੀਆਂ | ਰੌਸ਼ਨ ਲਾਲ ਨੇ ਦੱਸਿਆ ਕਿ ਇਸ ਘਟਨਾ ਦੀ ਵਜਾ ਰੰਜਸ਼ ਇਹ ਹੈ ਕਿ ਸਾਡਾ ਇਕ ਸਾਂਝਾ ਮਕਾਨ ਹੈ | ਜਿਸ ਸਬੰਧੀ ਸਾਡਾ ਮਾਨਯੋਗ ਹਾਈਕੋਰਟ ਵਿਚ ਕੇਸ ਚੱਲਦਾ ਹੈ ਅਤੇ ਉਕਤ ਦੋਸ਼ੀ ਸਾਨੂੰ ਘਰ ਵਿਚੋਂ ਕੱਢਣਾ ਚਾਹੁੰਦੇ ਹਨ | ਮੁੱਦਈ ਰੌਸ਼ਨ ਲਾਲ ਦੇ ਬਿਆਨ ਦੇ ਆਧਾਰ 'ਤੇ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਉਕਤ ਸਾਰੇ ਦੋਸ਼ੀਆਂ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਵਿਖੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |