ਗੁਰੂਹਰਸਹਾਏ, 27 ਮਾਰਚ (ਕਪਿਲ ਕੰਧਾਰੀ)-ਗੁਰੂਹਰਸਹਾਏ ਸ਼ਹਿਰ ਅੰਦਰ ਇਕ ਨੌਜਵਾਨ ਵਲੋਂ ਭੋਲੇ-ਭਾਲੇ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦਿਵਾਉਣ ਦੇ ਨਾਮ 'ਤੇ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਹ ਠੱਗ ਲੋਕਾਂ ਨੂੰ ਸਰਕਾਰੀ ਜਾਣਕਾਰੀ ਦੇਣ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਪੈਸੇ ਲੈ ਕੇ ਫ਼ਰਾਰ ਹੋ ਜਾਂਦਾ ਹੈ | ਤਾਜ਼ਾ ਘਟਨਾ ਵਿਚ ਇਕ ਬਜ਼ੁਰਗ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਗਿਆ | ਜਿਸ ਨਾਲ ਠੱਗੀ ਦੀ ਪੂਰੀ ਵਾਰਦਾਤ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗਲੀ ਨੰਬਰ 7 ਦੇ ਵਸਨੀਕਾਂ ਨੇ ਦੱਸਿਆ ਕਿ ਕਾਲੀ ਟੋਪੀ ਪਹਿਨਿਆ ਇਕ ਨੌਜਵਾਨ ਕਾਫ਼ੀ ਸਮੇਂ ਤੋਂ ਸ਼ਹਿਰ ਵਿਚ ਘੁੰਮ ਕੇ ਲੋਕਾਂ ਨੂੰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਲਾਭ ਦਿਵਾਉਣ ਦਾ ਝਾਂਸਾ ਦੇ ਰਿਹਾ ਹੈ | ਉਹ ਲੋਕਾਂ ਨੂੰ ਭਰੋਸੇ ਵਿਚ ਲੈ ਕੇ ਪਹਿਲਾਂ ਉਨ੍ਹਾਂ ਕੋਲੋਂ ਪੈਸੇ ਲੈਂਦਾ ਹੈ ਅਤੇ ਫਿਰ ਕਿਸੇ ਬਹਾਨੇ ਨਾਲ ਉੱਥੋਂ ਨਿਕਲ ਜਾਂਦਾ ਹੈ | ਅੱਜ ਵੀ ਉਸ ਨੇ ਗਲੀ ਨੰਬਰ 7 ਨੇੜੇ ਇਕ ਬਜ਼ੁਰਗ ਵਿਅਕਤੀ ਨਾਲ ਇਸੇ ਤਰ੍ਹਾਂ ਠੱਗੀ ਕੀਤੀ | ਉਸ ਨੇ ਬਜ਼ੁਰਗ ਨੂੰ ਕਿਹਾ ਕਿ ਉਹ ਸਰਕਾਰੀ ਸਕੀਮ ਦਾ ਲਾਭ ਦਿਵਾਏਗਾ ਅਤੇ ਉਸ ਕੋਲੋਂ ਪੈਸੇ ਲੈ ਲਏ | ਇਸ ਤੋਂ ਬਾਅਦ ਉਸ ਨੇ ਬਜ਼ੁਰਗ ਨੂੰ ਆਧਾਰ ਕਾਰਡ ਦੀ ਫੋਟੋ ਕਾਪੀ ਕਰਵਾ ਕੇ ਲਿਆਉਣ ਲਈ ਕਿਹਾ | ਜਿਵੇਂ ਹੀ ਬਜ਼ੁਰਗ ਵਿਅਕਤੀ ਫੋਟੋ ਕਾਪੀ ਕਰਵਾਉਣ ਲਈ ਉੱਥੋਂ ਗਿਆ, ਠੱਗ ਮੌਕੇ ਤੋਂ ਫ਼ਰਾਰ ਹੋ ਗਿਆ | ਜਦੋਂ ਬਜ਼ੁਰਗ ਵਾਪਸ ਆਇਆ ਤਾਂ ਉਹ ਨੌਜਵਾਨ ਉੱਥੇ ਮੌਜੂਦ ਨਹੀਂ ਸੀ | ਇਹ ਸਾਰੀ ਘਟਨਾ ਗਲੀ ਵਿਚ ਲੱਗੇ ਇਕ ਘਰ ਦੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ | ਬਾਅਦ ਵਿਚ ਬਜ਼ੁਰਗ ਵਿਅਕਤੀ ਨੇ ਗਲੀ ਦੇ ਲੋਕਾਂ ਨੂੰ ਦੱਸਿਆ ਕਿ ਉਸ ਨਾਲ ਠੱਗੀ ਹੋਈ ਹੈ ਅਤੇ ਉਸ ਦੇ ਪੈਸੇ ਲੈ ਕੇ ਨੌਜਵਾਨ ਭੱਜ ਗਿਆ | ਪੀੜਤ ਵਿਅਕਤੀ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਠੱਗ ਨੂੰ ਜਲਦੀ ਕਾਬੂ ਕੀਤਾ ਜਾਵੇ ਅਤੇ ਉਸ ਕੋਲੋਂ ਰਕਮ ਬਰਾਮਦ ਕਰਕੇ ਵਾਪਸ ਦਿੱਤੀ ਜਾਵੇ | ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਨੌਜਵਾਨ ਕਾਫ਼ੀ ਸਮੇਂ ਤੋਂ ਇਸੇ ਤਰੀਕੇ ਨਾਲ ਲੋਕਾਂ ਨੂੰ ਠਗਦਾ ਆ ਰਿਹਾ ਹੈ | ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ | ਜਿਸ ਕਾਰਨ ਲੋਕਾਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ |