ਰਤੀਆ, 3 ਅਪ੍ਰੈਲ (ਬੇਅੰਤ ਕੌਰ ਮੰਡੇਰ)- ਲੋਕ ਚੇਤਨਾ ਮੰਚ ਹਰਿਆਣਾ ਵਲੋਂ ਮੰਚ ਦੇ ਚੇਅਰਮੈਨ, ਪ੍ਰਸਿੱਧ ਸਾਹਿਤਕਾਰ ਅਤੇ ਸਿੱਖਿਆ ਸ਼ਾਸਤਰੀ ਡਾ. ਨਾਇਬ ਸਿੰਘ ਮੰਡੇਰ ਲਈ ਸਥਾਨਕ ਬਾਬਾ ਨਾਮਦੇਵ ਧਰਮਸ਼ਾਲਾ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਵੱਖ-ਵੱਖ ਸੰਗਠਨਾਂ, ਸਿੱਖਿਆ ਸ਼ਾਸਤਰੀਆਂ ਅਤੇ ਬੁੱਧੀਜੀਵੀਆਂ ਦੇ ਪ੍ਰਤੀਨਿਧੀਆਂ ਨੇ ਡਾ. ਮੰਡੇਰ ਨੂੰ ਸਨਮਾਨਿਤ ਕੀਤਾ | ਪੁਲਿਸ ਇੰਸਪੈਕਟਰ ਰਾਧੇਸ਼ਿਆਮ ਸ਼ਰਮਾ, ਸੇਵਾਮੁਕਤ ਪਿ੍ੰਸੀਪਲ ਰਾਮ ਚੰਦਰ ਵਰਮਾ, ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ, ਸਾਬਕਾ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਭੱਟੀ ਅਤੇ ਸੰਗਠਨ ਬੁਲਾਰਿਆਂ ਨੇ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਮਨਜੋਤ ਕੌਰ ਦੀ ਅਗਵਾਈ ਹੇਠ ਵਿਦਿਆਰਥਣਾਂ ਨੇ ਸ਼ਾਨਦਾਰ ਗਿੱਧਾ ਪੇਸ਼ ਕਰ ਕੇ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ | ਐਡਵੋਕੇਟ ਰਾਜਿੰਦਰ ਸਿੰਘ ਖੋਖਰ, ਪ੍ਰਸਿੱਧ ਗਾਇਕ ਜੱਗੀ ਖ਼ਾਨ ਅਤੇ ਲੈਕਚਰਾਰ ਵੀਰ ਸਿੰਘ ਥਿੰਦ ਨੇ 'ਜਨ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ' ਗੀਤ ਨਾਲ ਮਨਮੋਹਕ ਪੇਸ਼ਕਾਰੀ ਦਿੱਤੀ | ਪ੍ਰਸ਼ੰਸਾ ਪੱਤਰ ਪੇਸ਼ ਕਰਦਿਆਂ ਮੰਚ ਦੇ ਜਨਰਲ ਸਕੱਤਰ ਅਤੇ ਪ੍ਰਸਿੱਧ ਚਿੱਤਰਕਾਰ ਕਿ੍ਸ਼ਨ ਸਿੰਘ ਨੇ ਕਿਹਾ ਕਿ ਡਾ. ਮੰਡੇਰ ਨੇ 1982 'ਚ ਪ੍ਰਸਿੱਧ ਗ਼ਜ਼ਲ ਲੇਖਕ ਦੀਪਕ ਜੈਤੋਈ ਦੇ ਆਸ਼ੀਰਵਾਦ ਨਾਲ ਗ਼ਜ਼ਲਾਂ ਅਤੇ ਗੀਤ ਲਿਖਣੇ ਸ਼ੁਰੂ ਕੀਤੇ ਸਨ | ਉਨ੍ਹਾਂ ਪੰਜਾਬੀ ਮਿੰਨੀ ਕਹਾਣੀ ਵਿਧਾ 'ਤੇ ਪਹਿਲੀ ਪੀ.ਐਚ.ਡੀ. ਪੱਧਰ ਦੀ ਖੋਜ ਕਰ ਕੇ ਇੱਕ ਸ਼ਾਨਦਾਰ ਪਹਿਲ ਕੀਤੀ | ਇਸੇ ਤਰ੍ਹਾਂ 36 ਸਾਲਾਂ ਤੱਕ ਸਿੱਖਿਆ ਦੇ ਖੇਤਰ 'ਚ ਸੇਵਾ ਕਰਦਿਆਂ ਉਨ੍ਹਾਂ ਸਮਾਜ ਸੇਵਾ ਲਈ ਵੀ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ | ਕਈ ਸੰਸਥਾਵਾਂ ਦੇ ਜਨਰਲ ਸਕੱਤਰ ਵਜੋਂ ਸੇਵਾ ਨਿਭਾਉਣ ਦੇ ਨਾਲ ਹੀ ਨਸ਼ਾ ਛੁਡਾਊ, ਹੜ੍ਹਾਂ ਅਤੇ ਕੋਵਿਡ-19 ਮਹਾਂਮਾਰੀ ਦੌਰਾਨ ਮਹੱਤਵਪੂਰਨ ਸੇਵਾਵਾਂ ਪ੍ਰਦਾਨ ਕੀਤੀਆਂ ਹਨ | ਉਨ੍ਹਾਂ ਕਿਹਾ ਕਿ ਡਾ. ਮੰਡੇਰ ਨੇ ਵੱਖ-ਵੱਖ ਵਧਾਵਾਂ 'ਚ 16 ਕਿਤਾਬਾਂ ਲਿਖ ਕੇ ਸਾਹਿਤ ਨੂੰ ਅਮੀਰ ਬਣਾਇਆ ਹੈ | ਉਨ੍ਹਾਂ ਸਮਾਰੋਹ 'ਚ ਆਪਣਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਹਰਿਆਣਾ ਸਾਹਿਤ ਅਕਾਦਮੀ ਤੋਂ ਮਹਾਂ ਕਵੀ ਭਾਈ ਸੰਤੋਖ ਸਿੰਘ ਪੁਰਸਕਾਰ ਪ੍ਰਾਪਤ ਕਰਨਾ ਅਤੇ ਬਾਬਾ ਸ਼ੇਖ਼ ਫ਼ਰੀਦ ਪੁਰਸਕਾਰ ਮਿਲਣਾ ਇੱਕ ਮਹੱਤਵਪੂਰਨ ਮਾਨਤਾ ਹੈ | ਮੰਚ ਦੇ ਮੁੱਖ ਸਲਾਹਕਾਰ ਤੇਜਿੰਦਰ ਸਿੰਘ ਅÏਜਲਾ ਨੇ ਕਿਹਾ ਕਿ ਡਾ. ਨਾਇਬ ਸਿੰਘ ਮੰਡੇਰ ਨੇ ਸਮਾਜਿਕ ਖੇਤਰ 'ਚ ਯੋਗਦਾਨ ਪਾ ਕੇ ਲੋੜਵੰਦ ਬੱਚਿਆਂ ਨੂੰ ਸ਼ਲਾਘਾਯੋਗ ਸੇਵਾਵਾਂ ਪ੍ਰਦਾਨ ਕੀਤੀਆਂ ਹਨ | ਡਾ. ਮੰਡੇਰ ਨੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦਿੱਤੇ ਗਏ ਸਨਮਾਨ ਨੇ ਉਨ੍ਹਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਉਹ ਹਮੇਸ਼ਾ ਇੱਕ ਬਿਹਤਰ ਸਮਾਜ ਦੀ ਸਿਰਜਣਾ ਲਈ ਸਮਰਪਣ ਭਾਵਨਾ ਨਾਲ ਕੰਮ ਕਰਨਗੇ | ਲੋਕ ਚੇਤਨਾ ਮੰਚ ਦੇ ਮੈਂਬਰਾਂ ਨੇ ਡਾ. ਮੰਡੇਰ ਨੂੰ ਪ੍ਰਸ਼ੰਸਾ ਪੱਤਰ, ਸ਼ਾਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕੈਪਟਨ ਗੁਰਮੁੱਖ ਸਿੰਘ ਭੁੱਲਰ, ਸੁਖਦੇਵ ਸਿੰਘ ਸਿੱਧੂ, ਸ਼ੇਰ ਸਿੰਘ ਖੋਖਰ, ਮਨਮੋਹਨ ਸਿੰਘ ਖੋਖਰ, ਗੋਪਾਲ ਵਰਮਾ, ਸਤਪਾਲ ਸਿੰਘ, ਰੌਬਿਨ ਸੁਖੀਜਾ, ਸਤਪਾਲ ਸਿੰਘ ਢਿੱਲੋਂ, ਗੁਰਜੀਤ ਕੌਰ, ਕਸ਼ਮੀਰਿੰਦਰ ਸਿੰਘ, ਸੁਖਪ੍ਰੀਤ ਸਿੰਘ ਮਾਨ, ਐਡਵੋਕੇਟ ਗੁਰਪ੍ਰੀਤ ਸਿੰਘ, ਬੂਟਾ ਸਿੰਘ ਸੋਹੀ, ਦਰਸ਼ਨ ਸਿੰਘ, ਅਜੈਬ ਸਿੰਘ ਆਦਿ ਹਾਜ਼ਰ ਸਨ |