ਟੋਹਾਣਾ, 6 ਅਪ੍ਰੈਲ (ਮਨਜੀਤ ਸਿੰਘ) - ਜਾਖ਼ਲ ਮੰਡੀ ਦੇ ਰੂਲਦੂ ਕਾਲੋਨੀ ਨੇੜੇ ਜਨ ਸਿਹਤ ਵਿਭਾਗ ਵੱਲੋਂ ਸੋਮਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ ਹਰਿਆਣਾ ਵਿੱਚ ਪਾਈ ਗਈ ਸੀਵਰ ਲਾਈਨ ਨਾਲ ਜੁੜੇ ਪੰਜਾਬ ਖੇਤਰ ਦੇ ਦੋ ਦਰਜਨ ਤੋਂ ਵੱਧ ਨਾਜਾਇਜ਼ ਕਨੈੱਕਸ਼ਨ ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਕੱਟ ਦਿੱਤੇ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਖੇਤਰ ਵਿੱਚ ਵਿਛਾਈ ਗਈ ਸੀਵਰ ਲਾਈਨ ਨਾਲ ਗੁਆਂਢੀ ਪੰਜਾਬ ਇਲਾਕੇ ਦੇ ਕਈ ਘਰਾਂ ਨੇ ਬਿਨਾਂ ਇਜਾਜ਼ਤ ਗ਼ੈਰ-ਕਾਨੰੂਨੀ ਤੌਰ 'ਤੇ ਕਨੈੱਕਸ਼ਨ ਜੋੜ ਰੱਖੇ ਸਨ, ਜਿਸ ਨਾਲ ਸੀਵਰੇਜ ਪ੍ਰਣਾਲੀ ਪ੍ਰਭਾਵਿਤ ਹੋ ਰਹੀ ਸੀ ਅਤੇ ਤਕਨੀਕੀ ਸਮੱਸਿਆਵਾਂ ਪੈਦਾ ਹੋ ਰਹੀਆਂ ਸਨ | ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਜੂਨੀਅਰ ਇੰਜੀਨੀਅਰ ਦੀਪਕ ਅਤੇ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਪਹਿਲਾਂ ਵੀ ਸੰਬੰਧਿਤ ਲੋਕਾਂ ਨੂੰ ਨੋਟਿਸ ਜਾਰੀ ਕਰਕੇ ਕਨੈੱਕਸ਼ਨ ਹਟਾਉਣ ਲਈ ਕਿਹਾ ਗਿਆ ਸੀ ਪਰ ਚੇਤਾਵਨੀ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਕਾਰਨ ਅੱਜ ਸਖ਼ਤ ਕਦਮ ਚੁੱਕਿਆ ਗਿਆ | ਇਹ ਕਾਰਵਾਈ ਰੂਲਦੂ ਕਾਲੋਨੀ ਨੇੜੇ ਅਗਰਵਾਲ ਪੀਰ ਬਾਬਾ ਟਰੱਸਟ ਦੇ ਕੋਲ ਕੀਤੀ ਗਈ, ਜਿੱਥੇ ਵੱਡੀ ਗਿਣਤੀ ਵਿੱਚ ਨਾਜਾਇਜ਼ ਕਨੈੱਕਸ਼ਨ ਮਿਲੇ | ਮੌਕੇ 'ਤੇ ਵਿਭਾਗੀ ਟੀਮ ਦੇ ਨਾਲ ਜੇ.ਸੀ.ਬੀ. ਮਸ਼ੀਨ ਲਗਾ ਕੇ ਸੀਵਰ ਲਾਈਨ ਨਾਲ ਜੁੜੀਆਂ ਪਾਈਪਾਂ ਨੂੰ ਹਟਾਇਆ ਗਿਆ | ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਇਹ ਸੀਵਰ ਲਾਈਨ ਸਿਰਫ਼ ਹਰਿਆਣਾ ਦੇ ਇਲਾਕੇ ਲਈ ਹੀ ਬਣਾਈ ਗਈ ਹੈ ਅਤੇ ਕਿਸੇ ਹੋਰ ਇਲਾਕੇ ਵੱਲੋਂ ਬਿਨਾਂ ਮਨਜ਼ੂਰੀ ਇਸਦਾ ਇਸਤੇਮਾਲ ਕਰਨਾ ਨਿਯਮਾਂ ਦੀ ਉਲੰਘਣਾ ਹੈ | ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਭਵਿੱਖ ਵਿੱਚ ਵੀ ਜਿੱਥੇ ਕਿਤੇ ਅਜਿਹੇ ਨਾਜਾਇਜ਼ ਕਨੈੱਕਸ਼ਨ ਮਿਲੇ, ਉੱਥੇ ਇਸੇ ਤਰ੍ਹਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ | ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਕਿਸਮ ਦਾ ਕਨੈੱਕਸ਼ਨ ਲੈਣ ਤੋਂ ਪਹਿਲਾਂ ਵਿਭਾਗ ਤੋਂ ਲੋੜੀਂਦੀ ਮਨਜ਼ੂਰੀ ਲਈ ਜਾਵੇ ਤਾਂ ਜੋ ਬੇਵਜ੍ਹਾ ਕਾਰਵਾਈ ਤੋਂ ਬਚਿਆ ਜਾ ਸਕੇ |