ਗੂਹਲਾ ਚੀਕਾ, 6 ਅਪ੍ਰੈਲ (ਓ.ਪੀ. ਸੈਣੀ)-ਭਾਰਤ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਸਵਰਗੀ ਤਾਊ ਦੇਵੀ ਲਾਲ ਦੀ 25ਵੀਂ ਬਰਸੀ ਮੌਕੇ ਇਨੈਲੋ ਵਰਕਰਾਂ ਨੇ ਚੌਧਰੀ ਦੇਵੀ ਲਾਲ ਪਾਰਕ ਵਿਖੇ ਚੌਧਰੀ ਦੇਵੀ ਲਾਲ ਦੇ ਬੁੱਤ 'ਤੇ ਫੁਲ ਮਾਲਾ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ 'ਤੇ ਡਾ. ਸਾਹਿਬ ਸਿੰਘ ਸੰਧੂ ਨੇ ਚੌਧਰੀ ਦੇਵੀ ਲਾਲ ਦੇ ਜੀਵਨ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਉਹ ਸਿਰਫ ਇਕ ਵਿਸ਼ੇਸ਼ ਜਾਤੀ ਦੇ ਆਗੂ ਨਹੀਂ ਸਨ ਸਗੋਂ 36 ਭਾਈਚਾਰਿਆਂ ਦੇ ਆਗੂ ਸਨ | ਉਨ੍ਹਾਂ ਨੇ ਆਪਣਾ ਪੂਰਾ ਜੀਵਨ ਲੋੜਵੰਦਾਂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ | ਚੌਧਰੀ ਦੇਵੀ ਲਾਲ ਕੁਰਬਾਨੀ ਦਾ ਰੂਪ ਸਨ, ਪ੍ਰਧਾਨ ਮੰਤਰੀ ਦੇ ਅਹੁਦੇ ਤਿਆਗ ਕੇ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਸਵੀਕਾਰ ਕੀਤਾ | ਇਨੈਲੋ ਹਲਕਾ ਪ੍ਰਧਾਨ ਬਲਕਾਰ ਸਿੰਘ ਬੱਲੂ ਨੇ ਕਿਹਾ ਕਿ ਦੇਵੀ ਲਾਲ ਗ਼ਰੀਬਾਂ ਦੇ ਮਸੀਹਾ ਸਨ ਅਤੇ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਕਿਸਾਨਾਂ, ਮਜ਼ਦੂਰਾਂ, ਕਾਰੋਬਾਰੀਆਂ, ਕਰਮਚਾਰੀਆਂ, ਦੁਕਾਨਦਾਰਾਂ ਆਦਿ ਦੇ ਹੱਕਾਂ ਲਈ ਸਮਰਪਿਤ ਕਰ ਦਿੱਤਾ | ਇਸ ਮੌਕੇ ਕਈ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਇਨੈਲੋ ਦੇ ਹਲਕਾ ਪ੍ਰਧਾਨ ਬਲਕਾਰ ਸਿੰਘ ਬੱਲੂ ਡਾ. ਸਾਹਿਬ ਸਿੰਘ ਸੰਧੂ, ਭੁਪਿੰਦਰ ਸਿੰਘ ਭਾਗਲ, ਮਹਿੰਦਰ ਸਿੰਘ ਸੀਡਾ ਚੀਕਾ, ਜਗਮੋਹਨ ਸਿੰਘ ਪੋਲੜ, ਬਲਜਿੰਦਰ ਸਿੰਘ, ਮਾ. ਰਤੀ ਰਾਮ ਆਦੀ ਮੌਜੂਦ ਸਨ |