ਡੱਬਵਾਲੀ, 6 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਭਾਰੀ ਗੜੇਮਾਰੀ ਕਰਕੇ ਖ਼ਰਾਬ ਹੋਈ ਕਣਕ ਫ਼ਸਲ ਦੇ ਮੁਆਵਜ਼ੇ ਲਈ ਨੁਕਸਾਨਪੂਰਤੀ ਪੋਰਟਲ ਨਾ ਖੁੱਲ੍ਹਣ ਨਾਲ ਕਿਸਾਨਾਂ ਦੀਆਂ ਫ਼ਿਕਰਮੰਦੀ ਵਧ ਰਹੀ ਹੈ | ਛੇ ਮਹੀਨੇ ਦੀ ਮਿਹਨਤ 'ਤੇ ਚੰਦ ਮਿੰਟਾਂ ਦੀ ਗੜੇਮਾਰੀ ਭਾਰੀ ਪੈਣ ਕਾਰਨ ਕਿਸਾਨਾਂ ਨੂੰ ਆਰਥਿਕ ਭਰਪਾਈ ਲਈ ਸਰਕਾਰ ਤੋਂ ਉਮੀਦਾਂ ਹਨ | ਇਸ ਸਬੰਧੀ ਪਿੰਡ ਲੰਬੀ ਦੇ ਪ੍ਰਭਾਵਿਤ ਕਿਸਾਨ ਅੱਜ ਐਸਡੀਐਮ ਦਫ਼ਤਰ ਡੱਬਵਾਲੀ ਪੁੱਜੇ ਤੇ ਡਿਪਟੀ ਸੁਪਰਡੈਂਟ ਨੂੰ ਮੰਗ ਪੱਤਰ ਦੇ ਕੇ ਤੁਰੰਤ ਪੋਰਟਲ ਖੋਲ੍ਹਣ ਅਤੇ ਮੁਆਵਜ਼ੇ ਦੀ ਮੰਗ ਕੀਤੀ | ਜ਼ਿਕਰਯੋਗ ਹੈ ਕਿ 2 ਅਤੇ 4 ਅਪ੍ਰੈਲ ਦੀ ਗੜੇਮਾਰੀ ਅਤੇ ਤੇਜ਼ ਮੀਂਹ ਨਾਲ ਡੱਬਵਾਲੀ ਹਲਕੇ ਵਿੱਚ ਹਜ਼ਾਰਾਂ ਏਕੜ ਵਿੱਚ ਪੱਕੀ ਕਣਕ ਅਤੇ ਹੋਰ ਫਸਲਾਂ ਦੇ ਨੁਕਸਾਨ 'ਚ ਇਜ਼ਾਫਾ ਹੋਇਆ ਹੈ | ਉਸ ਤੋਂ ਪਹਿਲਾਂ 31 ਮਾਰਚ ਦੀ ਗੜੇਮਾਰੀ ਵਿੱਚ ਖੇਤੀਬਾੜੀ ਵਿਭਾਗ ਦੇ ਮੁੱਢਲੇ ਸਰਵੇ ਅਨੁਸਾਰ 51 ਪਿੰਡਾਂ ਵਿੱਚ ਕਰੀਬ 48100 ਏਕੜ ਵਿੱਚ ਨੁਕਸਾਨ ਦਾ ਅੰਦਾਜ਼ਾ ਲਾਇਆ ਗਿਆ ਸੀ | ਐਸਡੀਐਮ ਦਫ਼ਤਰ ਮੂਹਰੇ ਪਿੰਡ ਲੰਬੀ ਦੇ ਕਿਸਾਨਾਂ ਸੁਨੀਲ ਯਾਦਵ, ਜਵਾਹਰ ਲਾਲ, ਕਿਸ਼ੋਰੀ ਲਾਲ, ਰਾਜਬੀਰ, ਪਿ੍ਥਵੀਰਾਜ, ਸਤਬੀਰ, ਸੋਮ ਪ੍ਰਕਾਸ਼, ਸਾਹਿਲ, ਸੰਦੀਪ, ਭਾਗੀਰਥ, ਵਿਨੋਦ ਕੁਮਾਰ ਤੇ ਅਮੀਚੰਦ ਨੇ ਦੱਸਿਆ ਕਿ 2 ਅਤੇ 4 ਅਪ੍ਰੈਲ ਦੀ ਗੜੇਮਾਰੀ ਨਾਲ ਉਨ੍ਹਾਂ ਦੇ ਪਿੰਡ ਵਿੱਚ ਕਰੀਬ ਦੋ ਹਜ਼ਾਰ ਏਕੜ ਵਿੱਚ ਕਣਕ ਫ਼ਸਲ ਨੂੰ 50-60 ਫ਼ੀਸਦੀ ਨੁਕਸਾਨ ਹੋਇਆ ਹੈ | ਕਿਸਾਨਾਂ ਅਨੁਸਾਰ ਗੜੇਮਾਰੀ ਅਤੇ ਤੇਜ਼ ਮੀਂਹ ਨਾਲ ਫ਼ਸਲ ਢਹਿ-ਢੇਰੀ ਹੋ ਗਈ, ਜਿਸ ਉਪਜ 'ਤੇ ਅਸਰ ਪਿਆ ਹੈ | ਉਨ੍ਹਾਂ ਦਾ ਦੋਸ਼ ਹੈ ਕਿ ਫਸਲ ਬਰਬਾਦੀ ਉਪਰੰਤ ਅਜੇ ਤੱਕ ਸਪੈਸ਼ਲ ਗਿਰਦਾਵਰੀ ਸ਼ੁਰੂ ਨਹੀਂ ਹੋਈ ਅਤੇ ਨਾ ਹੀ ਮੁਆਵਜ਼ਾ ਪੋਰਟਲ ਖੋਲਿ੍ਹਆ ਗਿਆ, ਜਿਸ ਕਾਰਨ ਨੁਕਸਾਨ ਦਰਜ ਕਰਵਾਉਣਾ ਸੰਭਵ ਨਹੀਂ ਅਤੇ ਮੁਆਵਜ਼ਾ ਪ੍ਰਕਿਰਿਆ ਰੁਕੀ ਹੋਈ ਹੈ | ਮੰਗ ਪੱਤਰ ਵਿੱਚ ਕਿਸਾਨਾਂ ਨੇ ਸਰਕਾਰ ਤੋਂ ਤੁਰੰਤ ਪੋਰਟਲ ਖੋਲ੍ਹਣ, ਸਪੈਸ਼ਲ ਗਿਰਦਾਵਰੀ ਕਰਵਾਉਣ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਜਲਦੀ ਮੁਆਵਜ਼ਾ ਦੇਣ ਦੀ ਮੰਗ ਕੀਤੀ |