ਯਮੁਨਾਨਗਰ, 6 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਵਿਖੇ ਵਿਸ਼ਵ ਜਲ ਦਿਵਸ ਮੌਕੇ ਕਰਵਾਏ ਇਕ ਵੱਕਾਰੀ ਸਮਾਗਮ ਦੌਰਾਨ ਉਕਤ ਕਾਲਜ ਦੇ ਬਨਸਪਤੀ ਵਿਗਿਆਨ ਵਿਭਾਗ ਤੋਂ ਡਾ. ਵਰਸ਼ਾ ਨਿਗਮ ਨੂੰ ਵਾਤਾਵਰਣ ਸੰਭਾਲ ਵਿਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਤੇ ਖੇਤਰ 'ਚ ਸਮਰਪਿਤ ਯਤਨਾਂ ਲਈ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਸੁਸਾਇਟੀ ਆਫ ਇਨਵਾਇਰਮੈਂਟ ਮੈਨੇਜਮੈਂਟ ਐਂਡ ਬਾਇਓ-ਰਿਸਰਚ ਵਲੋਂ ਐਨ. ਸੀ. ਪੀ. ਕਾਲਜ ਆਫ ਪੌਲੀਟੈਕਨਿਕ ਦੇ ਸਹਿਯੋਗ ਨਾਲ ਕੈਂਪਸ ਵਿਚ ਕਰਵਾਏ ਗਏ ਇਸ ਸਮਾਗਮ ਵਿਚ ਐਨ. ਸੀ. ਪੀ. ਕਾਲਜ ਦੇ ਪਿ੍ੰਸੀਪਲ ਤੇ ਸੁਸਾਇਟੀ ਦੇ ਉੱਘੇ ਮੈਂਬਰਾਂ ਦੀ ਮੌਜੂਦਗੀ ਰਹੀ, ਜਿਨ੍ਹਾਂ ਨੇ ਮੁੱਖ ਮਹਿਮਾਨ ਡਾ. ਵਿਜੇ ਲਕਸ਼ਮੀ ਇੰਚਾਰਜ ਜੰਗਲਾਤ ਸੰਭਾਲ (ਐਮ. ਐਂਡ ਈ.) ਕਰਨਾਲ ਦਾ ਸਵਾਗਤ ਕੀਤਾ | ਇਸ ਮੌਕੇ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ, ਡਾ. ਕੁਮਾਰ ਗੌਰਵ ਅਤੇ ਡਾ. ਅਮਿਤ ਜੋਸ਼ੀ ਨੇ ਡਾ. ਨਿਗਮ ਨੂੰ ਦਿਲੋਂ ਵਧਾਈ ਦਿੰਦਿਆਂ ਵਾਤਾਵਰਣ ਸਥਿਰਤਾ ਪ੍ਰਤੀ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਦੀ ਸ਼ਲਾਘਾ ਕੀਤੀ | ਇਸ ਦੌਰਾਨ ਗਵਰਨਿੰਗ ਬਾਡੀ ਅਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਨੇ ਵੀ ਡਾ. ਨਿਗਮ ਨੂੰ ਵਧਾਈ ਦਿੱਤੀ |