ਟੋਹਾਣਾ, 10 ਅਪ੍ਰੈਲ (ਮਨਜੀਤ ਸਿੰਘ) - ਜਾਖਲ ਅਨਾਜ ਮੰਡੀ ਵਿਚ ਸਰਦੀ ਸੀਜ਼ਨ ਤਹਿਤ ਕਣਕ ਦੀ ਸਰਕਾਰੀ ਖ਼ਰੀਦ ਪ੍ਰਕਿਰਿਆ ਸ਼ੁਰੂ ਹੋ ਗਈ ਹੈ | ਮੰਡੀ ਵਿਚ ਫਸਲ ਦੀ ਵਧੀਆ ਆਮਦ ਵੇਖਣ ਨੂੰ ਮਿਲੀ ਅਤੇ ਖ਼ਰੀਦ ਏਜੰਸੀ ਹੈਫੇਡ ਵਲੋਂ 371 ਕਵਿੰਟਲ ਕਣਕ ਦੀ ਖ਼ਰੀਦ ਕੀਤੀ ਗਈ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਨੜੈਲ ਅਤੇ ਮਾਰਕੀਟ ਕਮੇਟੀ ਸਕੱਤਰ ਵਿਕਾਸ ਗੁਪਤਾ ਵਲੋਂ ਸਾਂਝੇ ਤੌਰ 'ਤੇ ਖ਼ਰੀਦ ਕਾਰਜ ਦੀ ਸ਼ੁਰੂਆਤ ਕੀਤੀ ਗਈ | ਚੇਅਰਮੈਨ ਜਗਜੀਤ ਸਿੰਘ ਨੜੈਲ ਨੇ ਮੰਡੀ ਦੇ ਕੰਮ-ਕਾਜ ਦਾ ਜਾਇਜ਼ਾ ਲੈਂਦੇ ਹੋਏ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ ਅਤੇ ਖ਼ਰੀਦ ਪ੍ਰਕਿਰਿਆ ਸੁਚੱਜੇ ਢੰਗ ਨਾਲ ਚੱਲਦੀ ਰਹੇ | ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਫ਼ਸਲ ਚੰਗੀ ਤਰ੍ਹਾਂ ਸੁਕਾ ਕੇ ਮੰਡੀ ਵਿਚ ਲਿਆਉਣ ਤਾਂ ਜੋ ਨਮੀ ਕਾਰਨ ਖ਼ਰੀਦ ਦੌਰਾਨ ਕੋਈ ਸਮੱਸਿਆ ਨਾ ਆਵੇ | ਇਸ ਦੌਰਾਨ ਸਕੱਤਰ ਵਿਕਾਸ ਗੁਪਤਾ ਨੇ ਭਰੋਸਾ ਦਿਵਾਇਆ ਕਿ ਮੰਡੀ ਵਿਚ ਸਾਰੀਆਂ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸਫ਼ਾਈ, ਪੀਣ ਵਾਲਾ ਪਾਣੀ, ਤੋਲ ਪ੍ਰਬੰਧ ਅਤੇ ਹੋਰ ਸੁਵਿਧਾਵਾਂ 'ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ |