ਯਮੁਨਾਨਗਰ, 11 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਮੇਅਰ ਸੁਮਨ ਬਾਹਮਣੀ ਵਲੋਂ ਵਧੀਕ ਨਿਗਮ ਕਮਿਸ਼ਨਰ ਧੀਰਜ ਕੁਮਾਰ ਅਤੇ ਕਈ ਕੌਂਸਲਰਾਂ ਸਮੇਤ ਕੈਲ ਵੇਸਟ ਡਿਸਪੋਜ਼ਲ ਪਲਾਂਟ ਦਾ ਨਿਰੀਖਣ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਨਿਰੀਖਣ ਦੌਰਾਨ ਉਨ੍ਹਾਂ ਮੁੱਖ ਤੌਰ 'ਤੇ ਪਲਾਂਟ 'ਚ ਉਸਾਰੇ ਜਾ ਰਹੇ ਨਵੇਂ ਸ਼ੈੱਡ ਅਤੇ ਕੰਕਰੀਟ ਦੇ ਫਰਸ਼ ਦੇ ਕੰਮ ਦਾ ਜਾਇਜ਼ਾ ਲਿਆ, ਜੋ ਕਿ 7.24 ਕਰੋੜ ਰੁ. ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ | ਇਸ ਤੋਂ ਇਲਾਵਾ ਮੇਅਰ ਬਾਹਮਣੀ ਨੇ ਪਲਾਂਟ 'ਚ ਚੱਲ ਰਹੀਆਂ ਵੱਖ-ਵੱਖ ਰਹਿੰਦ-ਖੂੰਹਦ ਪ੍ਰਬੰਧਨ ਪ੍ਰਕਿਰਿਆਵਾਂ ਦਾ ਨਿਰੀਖਣ ਕਰਦਿਆਂ ਉਨ੍ਹਾਂ ਦੀ ਵਿਸਥਾਰ 'ਚ ਸਮੀਖਿਆ ਵੀ ਕੀਤੀ | ਉਨ੍ਹਾਂ ਰਹਿੰਦ-ਖੂੰਹਦ ਨੂੰ ਵੱਖ ਕਰਨ ਦੀ ਪ੍ਰਕਿਰਿਆ ਦਾ ਵੀ ਜਾਇਜ਼ਾ ਲਿਆ | ਇਸ ਮੌਕੇ ਮੇਅਰ ਨੇ ਦੱਸਿਆ ਕਿ ਕੈਲ ਪਲਾਂਟ ਵਿਖੇ ਆਰ. ਡੀ. ਐਫ. (ਰਿਫੀਊਜ਼ ਡੈਰੀਵਡ ਫਿਊਲ), ਬਾਇਓ ਸੋਇਲ ਅਤੇ ਇੱਟਾਂ ਤੇ ਬਜਰੀ ਨੂੰ ਰਹਿੰਦ-ਖੂੰਹਦ ਤੋਂ ਵੱਖ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਥੇ ਬਾਇਓ-ਰੀਮੀਡੀਏਸ਼ਨ ਤਕਨਾਲੋਜੀ ਰਾਹੀਂ ਜੈਵਿਕ ਖਾਦ ਵੀ ਤਿਆਰ ਕੀਤੀ ਜਾ ਰਹੀ ਹੈ | ਇਸੇ ਦੌਰਾਨ ਵਧੀਕ ਨਿਗਮ ਕਮਿਸ਼ਨਰ ਧੀਰਜ ਕੁਮਾਰ ਨੇ ਦੱਸਿਆ ਕਿ ਕੈਲ ਵੇਸਟ ਡਿਸਪੋਜ਼ਲ ਪਲਾਂਟ 'ਚ ਸ਼ੈੱਡ ਦਾ ਨਿਰਮਾਣ ਤੇਜ਼ੀ ਨਾਲ ਹੋ ਰਿਹਾ ਅਤੇ ਇਸ ਪ੍ਰਾਜੈਕਟ ਲਈ ਸਭ ਤੋਂ ਪਹਿਲਾਂ ਜ਼ਮੀਨ ਪੂਰੀ ਤਰ੍ਹਾਂ ਤਿਆਰ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਸ਼ੈੱਡ ਦੇ ਨਿਰਮਾਣ ਨਾਲ ਮੀਂਹ ਦੌਰਾਨ ਕੂੜੇ ਦੇ ਨਿਪਟਾਰੇ ਦੇ ਕੰਮ 'ਚ ਕੋਈ ਰੁਕਾਵਟ ਨਹੀਂ ਆਵੇਗੀ ਅਤੇ ਕਾਮਿਆਂ ਨੂੰ ਵੀ ਰਾਹਤ ਮਿਲੇਗੀ | ਉਨ੍ਹਾਂ ਕਿਹਾ ਕਿ ਹੁਣ ਤੱਕ ਮੀਂਹ ਦੌਰਾਨ ਕੂੜੇ ਦੇ ਨਿਪਟਾਰੇ ਦਾ ਕੰਮ ਪ੍ਰਭਾਵਿਤ ਹੁੰਦਾ ਸੀ, ਜਿਸ ਕਾਰਨ ਮਸ਼ੀਨਾਂ ਅਤੇ ਕਾਮਿਆਂ ਨੂੰ ਮੁਸ਼ਕਿਲਾਂ ਆਉਂਦੀਆਂ ਸਨ | ਉਨ੍ਹਾਂ ਦੱਸਿਆ ਕਿ ਸ਼ੈੱਡ ਦੇ ਨਿਰਮਾਣ ਨਾਲ ਕੂੜਾ ਨਿਪਟਾਰੇ ਦੀ ਪ੍ਰਕਿਰਿਆ ਖ਼ਰਾਬ ਮੌਸਮ 'ਚ ਵੀ ਜਾਰੀ ਰਹੇਗੀ ਅਤੇ ਕੂੜੇ ਦਾ ਸਮੇਂ ਸਿਰ ਪ੍ਰਬੰਧਨ ਸੰਭਵ ਹੋਵੇਗਾ | ਇਸ ਮੌਕੇ ਚੀਫ ਸੈਨੀਟੇਸ਼ਨ ਇੰਸਪੈਕਟਰ ਹਰਜੀਤ ਸਿੰਘ, ਚੀਫ ਸੈਨੀਟੇਸ਼ਨ ਇੰਸਪੈਕਟਰ ਵਿਨੋਦ ਬੈਨੀਵਾਲ, ਕੌਂਸਲਰ ਰੀਨਾ ਰਸਤੋਗੀ, ਕੌਂਸਲਰ ਪਿ੍ਆਂਕ ਸ਼ਰਮਾ ਤੇ ਕੌਂਸਲਰ ਅੰਕਿਤ ਆਦਿ ਵੀ ਹਾਜ਼ਰ ਸਨ |