ਟੋਹਾਣਾ, 12 ਅਪ੍ਰੈਲ (ਮਨਜੀਤ ਸਿੰਘ) - ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਪੁਲਿਸ ਥਾਣਾ ਜਾਖ਼ਲ ਨੇ ਇੱਕ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਥਾਣਾ ਜਾਖ਼ਲ ਦੇ ਇੰਚਾਰਜ ਸਬ-ਇੰਸਪੈਕਟਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਟੀਮ ਜਾਖ਼ਲ ਬੱਸ ਅੱਡੇ ਇਲਾਕੇ ਵਿੱਚ ਗਸ਼ਤ ਦੌਰਾਨ ਸ਼ੱਕੀ ਵਿਅਕਤੀਆਂ ਦੀ ਜਾਂਚ ਕਰ ਰਹੀ ਸੀ | ਪੁਲਿਸ ਦੇਖ ਕੇ ਘਬਰਾਇਆ ਇੱਕ ਸ਼ੱਕੀ ਵਿਅਕਤੀ ਫੁਰਤੀ ਨਾਲ ਖਿਸਕਣ ਲੱਗਾ | ਸ਼ੱਕ ਦੇ ਆਧਾਰ 'ਤੇ ਪੁਲਿਸ ਟੀਮ ਨੇ ਉਸ ਨੂੰ ਰੋਕਿਆ ਅਤੇ ਗਿ੍ਫ਼ਤਾਰ ਕਰ ਲਿਆ | ਮੁਲਜ਼ਮ ਦੀ ਪਛਾਣ ਜੀਤਾ ਰਾਮ ਪੁੱਤਰ ਕਸ਼ਮੀਰੀ ਸਿੰਘ ਵਾਸੀ ਐਮਪੀ ਰੋਹੀ, ਜ਼ਿਲ੍ਹਾ ਫ਼ਤਿਹਾਬਾਦ ਵਜੋਂ ਹੋਈ | ਨਿਯਮਾਂ ਅਨੁਸਾਰ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ 6 ਕਿੱਲੋ 330 ਗ੍ਰਾਮ ਚੂਰਾ ਪੋਸਤ ਬਰਾਮਦ ਕੀਤਾ ਗਿਆ | ਇਸ ਸਬੰਧ ਵਿੱਚ ਪੁਲਿਸ ਥਾਣਾ ਜਾਖ਼ਲ ਵਿੱਚ ਐਨ.ਡੀ.ਪੀ.ਐਸ. ਐਕਟ ਦੀ ਧਾਰਾ 15, 61, ਅਤੇ 85, ਐਫ.ਆਈ.ਆਰ. ਨੰਬਰ 43, ਮਿਤੀ 11.04.2026 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ |