ਨਵੀਂ ਦਿੱਲੀ, 13 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਗੈਸ ਸਿਲੰਡਰ ਦੀ ਲੋਕਾਂ ਨੂੰ ਬਹੁਤ ਦਿੱਕਤ ਆ ਰਹੀ ਹੈ, ਭਾਵੇਂ ਪ੍ਰਸ਼ਾਸਨ ਵਲੋਂ ਗੈਸ ਸਿਲੰਡਰ ਮੁਹੱਈਆ ਕਰਾਉਣ ਬਾਰੇ ਵਾਰ-ਵਾਰ ਬਿਆਨ ਆ ਰਹੇ ਹਨ ਪ੍ਰੰਤੂ ਲੋਕਾਂ ਨੂੰ ਰਾਹਤ ਨਹੀਂ ਮਿਲਦੀ ਅਤੇ ਉਹ ਬੇਰੁਜ਼ਗਾਰ ਹੁੰਦੇ ਹੋਏ ਪ੍ਰੇਸ਼ਾਨ ਹੋ ਗਏ | ਰੇਹੜੀ-ਫੜ੍ਹੀ ਅਤੇ ਹੋਰ ਛੋਟੇ-ਮੋਟੇ ਦੁਕਾਨਦਾਰ ਜੋ ਕਿ ਪਹਿਲਾਂ ਖਾਣ-ਪੀਣ ਦੀਆਂ ਚੀਜ਼ਾਂ ਤਿਆਰ ਕਰਕੇ ਆਪਣਾ ਧੰਦਾ ਚਲਾ ਰਹੇ ਸਨ, ਨੂੰ ਗੈਸ ਸਿਲੰਡਰ ਨਾ ਮਿਲਣ 'ਤੇ ਉਨ੍ਹਾਂ ਦਾ ਧੰਦਾ ਬਿਲਕੁਲ ਹੀ ਚੌਪਟ ਹੋ ਗਿਆ ਸੀ | ਅਖੀਰ ਉਨ੍ਹਾਂ ਨੇ ਆਪਣੀ ਕਮਾਈ ਦਾ ਨਵਾਂ ਰਸਤਾ ਲੱਭ ਲਿਆ ਹੈ | ਉਨ੍ਹਾਂ ਨੇ ਫ਼ਲ, ਸਬਜ਼ੀ, ਗੰਨੇ ਦਾ ਰਸ, ਫ਼ਲ ਦਾ ਜੂਸ, ਕੱਕੜੀ, ਖ਼ੀਰੇ ਅਤੇ ਠੰਢੇ ਪੀਣ ਵਾਲੇ ਪਦਾਰਥਾਂ ਦਾ ਧੰਦਾ ਸ਼ੁਰੂ ਕਰ ਦਿੱਤਾ ਹੈ, ਜੋ ਕਿ ਉਨ੍ਹਾਂ ਨੂੰ ਰਾਸ ਆਉਣਾ ਸ਼ੁਰੂ ਹੋ ਗਿਆ ਹੈ | ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਗਰਮੀ ਦੇ ਮੌਸਮ ਵਿਚ ਇਹ ਧੰਦੇ ਚੱਲਣਗੇ ਹੀ | ਸ਼ਕੂਰ ਬਸਤੀ ਦੇ ਰਹਿਣ ਵਾਲੇ ਰਮੇਸ਼ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਹਿਲਾਂ ਕਚੌਰੀ ਤੇ ਸਮੋਸਿਆਂ ਦੀ ਰੇਹੜੀ ਲਗਾਉਂਦਾ ਸੀ ਅਤੇ ਉਸ ਦਾ ਕਾਰੋਬਾਰ ਠੀਕ ਚੱਲ ਰਿਹਾ ਸੀ | ਉਸਨੇ ਦੱਸਿਆ ਕਿ ਗੈਸ ਸੰਕਟ ਆਉਣ ਦੇ ਕਾਰਨ ਉਸ ਦਾ ਇਹ ਕਾਰੋਬਾਰ ਬੰਦ ਹੋ ਗਿਆ ਹੈ ਅਤੇ ਕਈ ਦਿਨ ਗੈਸ ਸਿਲੰਡਰ ਲੈਣ ਲਈ ਉਹ ਏਧਰ-ਉਧਰ ਭਟਕਦਾ ਰਿਹਾ ਕਿਉਂਕਿ ਉਸ ਕੋਲ ਪੈਸੇ ਵੀ ਖ਼ਤਮ ਹੋ ਗਏ ਸਨ | ਅਖ਼ੀਰ ਮਜਬੂਰੀ ਨੂੰ ਵੇਖਦੇ ਹੋਏ ਉਸ ਨੇ ਜੂਸ ਦੀ ਰੇਹੜੀ ਲਗਾਈ ਅਤੇ ਉਸ ਦਾ ਕਾਰੋਬਾਰ ਥੋੜ੍ਹਾ ਚੱਲ ਪਿਆ ਹੈ |