ਨਵੀਂ ਦਿੱਲੀ, 14 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਟੈਕਨੋਲੋਜੀਕਲ ਯੂਨੀਵਰਸਿਟੀ ਨੇ ਵਿਦਿਆਰਥੀਆਂ ਲਈ ਮੈਡੀਟੇਸ਼ਨ ਪ੍ਰੈਕਟਿਸ ਅਤੇ ਵੈਲੀਉ-ਬੇਸਡ ਐਜੂਕੇਸ਼ਨ ਦੇ ਉਦੇਸ਼ ਨਾਲ ਸਾਇੰਸ ਆਫ਼ ਸਪਿਰਚੁਅਲ ਮੈਡੀਟੇਸ਼ਨ ਸੈਂਟਰ ਸ਼ੁਰੂ ਕੀਤਾ ਹੈ, ਜਿਸ ਦਾ ਉਦਘਾਟਨ ਸੰਤ ਰਾਜਿੰਦਰ ਸਿੰਘ ਨੇ ਕੀਤਾ | ਇਸ ਮੌਕੇ 'ਤੇ ਮਾਤਾ ਰੀਟਾ, ਪ੍ਰੋ. ਪ੍ਰਤੀਕ ਸ਼ਰਮਾ, ਪ੍ਰੋ. ਰਿਤੂ ਸਹਿਗਲ, ਪ੍ਰੋ. ਟੀ. ਵਿਜੈ ਕੁਮਾਰ, ਪ੍ਰੋ. ਐਸ. ਇੰਦੂ ਅਤੇ ਵਿਦਿਆਰਥੀ ਤੇ ਹੋਰ ਸ਼ਖ਼ਸੀਅਤਾਂ ਸ਼ਾਮਿਲ ਸਨ | ਇਸ ਮੌਕੇ 'ਤੇ ਸੰਤ ਰਾਜਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਪਹਿਲ ਅਧਿਆਤਮਿਕਤਾ ਨੂੰ ਟੈਕਨੋਲੋਜੀਕਲ ਸਿੱਖਿਆ ਦੇ ਨਾਲ ਜੋੜੇਗੀ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਚੰਗਾ ਹੋਣ ਦੇ ਨਾਲ-ਨਾਲ ਨੈਤਿਕ ਅਤੇ ਅੰਦਰੂਨੀ ਵਿਕਾਸ ਲਈ ਪ੍ਰੇਰਿਤ ਕਰੇਗੀ | ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਮਾਹੌਲ ਵਿਚ ਵਿਦਿਆਰਥੀਆਂ ਦਾ ਧਿਆਨ ਜ਼ਿਆਦਾ ਕਰਕੇ ਬਾਹਰ ਵੱਲ ਜਾਂਦਾ ਹੈ, ਜਿਸ ਕਰਕੇ ਉਹ ਤਨਾਓ ਵਿਚ ਰਹਿੰਦੇ ਹਨ | ਪ੍ਰੋ. ਪ੍ਰਤੀਕ ਸ਼ਰਮਾ ਨੇ ਕਿਹਾ ਕਿ ਅੱਜ ਦੀ ਭੱਜ-ਦੌੜ ਦੀ ਜ਼ਿੰਦਗੀ ਵਿਚ ਉਪਰੋਕਤ ਸਿੱਖਿਆ ਵਿਦਿਆਰਥੀਆਂ ਲਈ ਲਾਹੇਵੰਦ ਹੋਵੇਗੀ | ਇਸ ਤੋਂ ਇਲਾਵਾ ਹੋਰਨਾਂ ਨੇ ਵੀ ਆਪਣੇ ਵਿਚਾਰ ਰੱਖੇ |