ਨਵੀਂ ਦਿੱਲੀ, 14 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਅਨੰਦ ਵਿਹਾਰ ਦੇ ਰੇਲਵੇ ਟਰਮੀਨਲ 'ਤੇ ਜਲਦੀ ਹੀ ਵੱਡੇ ਪੱਧਰ 'ਤੇ ਬਦਲਾਓ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਜਿਸ ਦੇ ਲਈ ਉੱਤਰ ਰੇਲਵੇ ਕਰੋੜਾਂ ਰੁਪਏ ਖ਼ਰਚੇਗਾ | ਇਸ ਯੋਜਨਾ ਵਿਚ ਇਸ ਰੇਲਵੇ ਸਟੇਸ਼ਨ ਦਾ ਬੁਨਿਆਦੀ ਢਾਂਚਾ ਬਦਲਣ ਦੇ ਨਾਲ-ਨਾਲ ਵਿਸ਼ੇਸ਼ ਕਰਕੇ ਯਾਤਰੀਆਂ ਦੀਆਂ ਸਹੂਲਤਾਂ ਦਾ ਧਿਆਨ ਰੱਖਿਆ ਜਾਵੇਗਾ | ਅਨੰਦ ਵਿਹਾਰ ਦਾ ਰੇਲਵੇ ਸਟੇਸ਼ਨ ਪੂਰਬੀ ਉੱਤਰ ਪ੍ਰਦੇਸ਼, ਝਾਰਖੰਡ ਤੇ ਬਿਹਾਰ ਜਾਣ ਵਾਲੀਆਂ ਰੇਲ ਗੱਡੀਆਂ ਦਾ ਪ੍ਰਮੁੱਖ ਕੇਂਦਰ ਮੰਨਿਆ ਜਾਂਦਾ ਹੈ | ਇਸ ਰੇਲਵੇ ਸਟੇਸ਼ਨ 'ਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਯਾਤਰੀਆਂ ਦੀ ਆਵਾਜਾਈ ਰਹਿੰਦੀ ਹੈ | ਇਸ ਭੀੜ-ਭੜੱਕੇ ਨੂੰ ਵੇਖਦੇ ਹੋਏ ਅਤੇ ਨਾਲ ਹੀ ਯਾਤਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਯੋਜਨਾ ਬਣਾਈ ਗਈ ਹੈ | ਇਸ ਯੋਜਨਾ ਵਿਚ ਪਲੇਟਫਾਰਮ ਇਕ ਤੋਂ ਲੈ ਕੇ ਪਲੇਟਫਾਰਮ ਸੱਤ ਤੱਕ ਜੋ ਹਿੱਸਾ ਖ਼ਰਾਬ ਹੋ ਚੁੱਕਿਆ ਹੈ, ਦੀ ਮੁਰੰਮਤ ਕੀਤੀ ਜਾਵੇਗੀ ਅਤੇ ਨਾਲ ਹੀ ਸ਼ੈੱਡ ਅਤੇ ਛੱਤਾਂ ਦੀ ਮੁਰੰਮਤ ਕੀਤੀ ਜਾਵੇਗੀ ਤਾਂ ਕਿ ਬਾਰਿਸ਼ ਦਾ ਪਾਣੀ ਹੇਠਾਂ ਨਾ ਟਪਕੇ | ਸਟੇਸ਼ਨ ਭਵਨ ਦੀ ਦੂਸਰੀ ਮੰਜ਼ਿਲ 'ਤੇ 9 ਕਮਰਿਆਂ ਨੂੰ ਆਧੁਨਿਕ ਵਿਸ਼ਰਾਮ ਘਰ ਬਣਾਇਆ ਜਾਵੇਗਾ | ਇਸ ਰੇਲਵੇ ਸਟੇਸ਼ਨ ਦੇ ਪ੍ਰਵੇਸ਼ ਤੇ ਨਿਕਾਸ ਦਾ ਰਸਤਾ ਠੀਕ ਕੀਤਾ ਜਾਵੇਗਾ ਅਤੇ ਕੋਚ ਕੇਅਰ ਸੈਂਟਰ ਤੇ ਨਾਲ ਦੇ ਸ਼ੈੱਡ ਵਿਚ ਜੋ ਪਾਣੀ ਭਰਨ ਦੀ ਸਮੱਸਿਆ ਆ ਰਹੀ ਹੈ, ਉਸ ਨੂੰ ਵੀ ਠੀਕ ਕੀਤਾ ਜਾਵੇਗਾ | ਇਸ ਤੋਂ ਇਲਾਵਾ ਪਲੇਟਫਾਰਮਾਂ 'ਤੇ ਜੀ. ਪੀ. ਐਸ. ਆਧਾਰਿਤ ਘੜੀਆਂ, ਜ਼ਿਆਦਾ ਸਮਰੱਥਾ ਵਾਲੇ ਪਬਲਿਕ ਅਡਰੈੱਸ ਸਿਸਟਮ ਅਤੇ ਆਧੁਨਿਕ ਸਪੀਕਰ ਲਗਾਉਣ ਦੀ ਵੀ ਯੋਜਨਾ ਹੈ |