ਯਮੁਨਾਨਗਰ, 16 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਡੀ. ਏ. ਵੀ. ਕਾਲਜ ਫਾਰ ਗਰਲਜ਼ ਯਮੁਨਾਨਗਰ ਦੇ ਐਫ. ਡੀ. ਪੀ. ਸੈੱਲ ਅਤੇ ਐਨ. ਈ. ਪੀ. ਕਮੇਟੀ ਵਲੋਂ 'ਨਵੀਂ ਸਿੱਖਿਆ ਨੀਤੀ 2020 : ਢਾਂਚਾਗਤ ਸੁਧਾਰ' ਵਿਸ਼ੇ 'ਤੇ ਆਨਲਾਈਨ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ | ਇਸ ਲੈਕਚਰ ਦਾ ਮੁੱਖ ਉਦੇਸ਼ ਅਧਿਆਪਕਾਂ 'ਚ ਨਵੀਂ ਸਿੱਖਿਆ ਨੀਤੀ ਦੇ ਮੁੱਖ ਉਪਬੰਧਾਂ, ਇਸ ਦੇ ਪ੍ਰਭਾਵ ਅਤੇ ਸਿੱਖਿਆ ਪ੍ਰਣਾਲੀ 'ਚ ਹੋ ਰਹੇ ਮਹੱਤਵਪੂਰਨ ਬਦਲਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਦੇ ਕਾਰਜਕਾਰੀ ਪਿ੍ੰ. ਡਾ. ਸੁਰਿੰਦਰ ਕੌਰ ਨੇ ਕੀਤੀ, ਜਦਕਿ ਐਫ. ਡੀ. ਪੀ. ਸੈੱਲ ਦੀ ਕੋਆਰਡੀਨੇਟਰ ਡਾ. ਮੀਨਾਕਸ਼ੀ ਸੈਣੀ ਅਤੇ ਐਨ. ਈ. ਪੀ. ਕਮੇਟੀ ਦੀ ਇੰਚਾਰਜ ਨਿਸ਼ੀ ਨੇ ਸਾਂਝੇ ਤੌਰ 'ਤੇ ਪ੍ਰੋਗਰਾਮ ਦਾ ਸੰਚਾਲਨ ਅਤੇ ਤਾਲਮੇਲ ਕੀਤਾ | ਇਸ ਮੌਕੇ ਰਿਸੋਰਸ-ਪਰਸਨ ਵਜੋਂ ਪੁੱਜੇ ਪ੍ਰੋ. ਅਨੀਤਾ ਰਾਣੀ ਦੁਆ ਨੇ ਨਵੀਂ ਸਿੱਖਿਆ ਨੀਤੀ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਦੱਸਿਆ ਕਿ ਇਹ ਨੀਤੀ ਸਿੱਖਿਆ ਦੇ ਖੇਤਰ 'ਚ ਲੱਚਕਤਾ, ਹੁਨਰ ਵਿਕਾਸ, ਬਹੁ-ਅਨੁਸ਼ਾਸਨੀ ਅਧਿਐਨ ਅਤੇ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ | ਉਨ੍ਹਾਂ ਦੇ ਭਾਸ਼ਣ ਨੇ ਮੌਜੂਦ ਅਧਿਆਪਕਾਂ ਨੂੰ ਨੀਤੀ ਦੇ ਵਿਵਹਾਰਕ ਪਹਿਲੂਆਂ ਨੂੰ ਸਮਝਣ 'ਚ ਕਾਫ਼ੀ ਸਹਾਇਤਾ ਪ੍ਰਦਾਨ ਕੀਤੀ | ਇਸ ਮੌਕੇ ਅਧਿਆਪਕਾਂ ਨੇ ਵੀ ਬੁਲਾਰੇ ਤੋਂ ਸਵਾਲ ਪੁੱਛ ਕੇ ਆਪਣੇ ਸ਼ੰਕਿਆਂ ਦਾ ਨਿਵਾਰਣ ਕੀਤਾ | ਅੰਤ 'ਚ ਪ੍ਰਬੰਧਕਾਂ ਨੇ ਸਾਰੇ ਭਾਗੀਦਾਰਾਂ ਅਤੇ ਸ੍ਰੋਤ ਵਿਅਕਤੀਆਂ ਦਾ ਉਚੇਚੇ ਤੌਰ 'ਤੇ ਧੰਨਵਾਦ ਕਰਦਿਆਂ ਭਵਿੱਖ 'ਚ ਵੀ ਅਜਿਹੇ ਵਿੱਦਿਅਕ ਪ੍ਰੋਗਰਾਮ ਕਰਵਾਉਣ ਦਾ ਭਰੋਸਾ ਦਿਵਾਇਆ |