ਨਵੀਂ ਦਿੱਲੀ, 21 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਨਵੀਂ ਦਿੱਲੀ ਨਗਰ ਪਾਲਿਕਾ ਪ੍ਰੀਸ਼ਦ ਨੇ ਇਕ ਅਹਿਮ ਕਦਮ ਚੁੱਕਿਆ ਹੈ, ਜਿਸ ਵਿਚ ਉਨ੍ਹਾਂ ਲੋਕਾਂ 'ਤੇ ਕਾਰਵਾਈ ਕੀਤੀ ਜਾਵੇਗੀ, ਜੋ ਕਿ ਬਾਂਦਰਾਂ, ਕਬੂਤਰਾਂ ਅਤੇ ਕੁੱਤਿਆਂ ਨੂੰ ਆਮ ਥਾਵਾਂ 'ਤੇ ਖਾਣਾ ਪਾਉਂਦੇ ਹਨ, ਜਿਸ ਨਾਲ ਗੰਦਗੀ ਤੇ ਬਿਮਾਰੀ ਫ਼ੈਲਦੀ ਹੈ | ਐਨ.ਡੀ.ਐਮ.ਸੀ. ਇਕ ਏਜੰਸੀ ਨੇ 2 ਹਜ਼ਾਰ ਦੇ ਕਰੀਬ ਬਾਂਦਰਾਂ ਨੂੰ ਫੜ ਕੇ ਸੁਰੱਖਿਅਤ ਅਸੋਲਾ ਭੱਟੀ ਵਣ ਜੀਵ ਵਾਲੀ ਥਾਂ 'ਤੇ ਛੱਡਿਆ ਹੈ ਅਤੇ ਨਾਲ ਹੀ ਬਾਂਦਰਾਂ ਦੀ ਰੋਕਥਾਮ ਲਈ ਲੰਗੂਰਾਂ ਦੇ ਕੱਟਆਊਟ ਲਗਾਏ ਹਨ | ਪਟੇਲ ਚੌਕ ਅਤੇ ਹੋਰ ਕਈ ਥਾਵਾਂ 'ਤੇ ਬਾਂਦਰਾਂ ਦੀ ਇੰਨੀ ਗਿਣਤੀ ਹੈ ਕਿ ਇਥੇ ਸਥਿਤ ਦਫ਼ਤਰਾਂ ਅੰਦਰ ਜਾ ਕੇ ਉਥੇ ਕਾਫ਼ੀ ਨੁਕਸਾਨ ਕਰਨ ਦੇ ਨਾਲ-ਨਾਲ ਤੋੜ-ਫੋੜ ਵੀ ਕਰਦੇ ਹਨ | ਐਨ.ਡੀ.ਐਮ.ਸੀ. ਨੇ ਕੁੱਤਿਆਂ ਦੇ ਖਾਣੇ ਪ੍ਰਤੀ ਰੈਜੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਨਾਲ ਮਿਲ ਕੇ 100 ਦੇ ਕਰੀਬ ਫੀਡਿੰਗ ਪੁਆਇੰਟ ਵੀ ਬਣਾਏ ਹਨ | ਇਨ੍ਹਾਂ ਥਾਵਾਂ 'ਤੇ ਲੋਕ ਕੁੱਤਿਆਂ ਨੂੰ ਖਾਣਾ ਪਾ ਸਕਦੇ ਹਨ | ਉਪਰੋਕਤ ਵਿਵਸਥਾ ਪ੍ਰਤੀ ਐਨ.ਡੀ.ਐਮ.ਸੀ. ਨੁੱਕੜ ਨਾਟਕ ਕਰਵਾ ਕੇ ਲੋਕਾਂ ਵਿਚ ਜਾਗਰੂਕਤਾ ਫੈਲਾ ਰਹੀ ਹੈ, ਤਾਂ ਕਿ ਲੋਕ ਐਨ.ਡੀ.ਐਮ.ਸੀ. ਦੀ ਵਿਵਸਥਾ ਵੱਲ ਧਿਆਨ ਦੇਣ |