ਕਾਲਾਂਵਾਲੀ/ਸਿਰਸਾ, 22 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਬਿਸ਼ਨਾ ਮਲ ਜੈਨ ਸਰਸਵਤੀ ਵਿਦਿਆ ਮੰਦਰ ਕਾਲਾਂਵਾਲੀ ਵਿਖੇ ਅੱਜ ਧਰਤੀ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ | ਵਿਦਿਆਰਥੀਆਂ ਨੇ ਨਾਅਰਿਆਂ, ਪੋਸਟਰਾਂ, ਕਵਿਤਾਵਾਂ ਅਤੇ ਭਾਸ਼ਣਾਂ ਰਾਹੀਂ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਸਾਂਝਾ ਕੀਤਾ | ਤੀਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਕਿਸਮਤ, ਮੋਕਸ਼, ਸੁਖਪ੍ਰੀਤ, ਵਿਕਾਸ, ਏਕਮ, ਖੁਸ਼ਮੀਤ, ਅਵਿਆ, ਮਿਤਾਲੀ ਅਤੇ ਅਰਸੂ ਨੇ 'ਧਰਤੀ ਬਚਾਓ' ਨਾਟਕ ਪੇਸ਼ ਕੀਤਾ | ਸੱਤਵੀਂ ਜਮਾਤ ਦੇ ਵਿਦਿਆਰਥੀਆਂ, ਮਹਿਕ ਅਤੇ ਪਰੀ ਨੇ ਸਾਫ਼ ਧਰਤੀ 'ਤੇ ਬਹਿਸ ਮੁਕਾਬਲੇ ਵਿੱਚ ਹਿੱਸਾ ਲਿਆ | ਪਿ੍ੰਸੀਪਲ ਸੰਜੀਵ ਕੁਮਾਰ ਸ਼ਰਮਾ ਨੇ ਬੱਚਿਆਂ ਨੂੰ ਧਰਤੀ ਦਿਵਸ ਦੀ ਮਹੱਤਤਾ ਸਮਝਾਉਂਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਅਸੀਂ ਆਪਣੀਆਂ ਮਾਵਾਂ ਨੂੰ ਪਿਆਰ ਕਰਦੇ ਹਾਂ, ਉਸੇ ਤਰ੍ਹਾਂ ਸਾਨੂੰ ਧਰਤੀ ਮਾਤਾ ਨੂੰ ਵੀ ਪਿਆਰ ਕਰਨਾ ਚਾਹੀਦਾ ਹੈ | ਧਰਤੀ ਵਿੱਚ ਮਾਂ ਦੇ ਸਾਰੇ ਗੁਣ ਹਨ | ਦਿਆਲਤਾ, ਮੁਆਫ਼ੀ, ਸਦਭਾਵਨਾ, ਪਿਆਰ, ਸਨੇਹ, ਸੁਰੱਖਿਆ ਅਤੇ ਪੋਸ਼ਣ ਦੇ ਸਾਰੇ ਤੱਤ ਧਰਤੀ ਮਾਤਾ ਤੋਂ ਆਉਂਦੇ ਹਨ | ਵਾਤਾਵਰਣ ਸੁਰੱਖਿਆ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪਾਣੀ ਅਤੇ ਪੌਦਿਆਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਵਿਨਾਸ਼ਕਾਰੀ ਰਹਿੰਦ-ਖੂੰਹਦ ਨੂੰ ਧਰਤੀ ਵਿੱਚ ਜਾਣ ਤੋਂ ਰੋਕਿਆ ਜਾਣਾ ਚਾਹੀਦਾ ਹੈ | ਸਕੂਲ ਕੋਆਰਡੀਨੇਟਰ ਸਰਿਤਾ ਮੁੰਜਾਲ ਨੇ ਧਰਤੀ ਦਿਵਸ 'ਤੇ ਬੱਚਿਆਂ ਨੂੰ ਧਰਤੀ ਨੂੰ ਸਾਫ਼ ਅਤੇ ਹਰਿਆ ਭਰਿਆ ਰੱਖਣ, ਪਲਾਸਟਿਕ ਦੀ ਵਰਤੋਂ ਘਟਾਉਣ ਅਤੇ ਪਾਣੀ ਅਤੇ ਬਿਜਲੀ ਦੀ ਸੰਭਾਲ ਕਰਨ ਦਾ ਪ੍ਰਣ ਦਿਵਾਇਆ | ਸਮਾਜਿਕ ਅਧਿਐਨ ਅਧਿਆਪਕ ਸਤਪਾਲ ਸ਼ਰਮਾ ਨੇ ਪ੍ਰੋਗਰਾਮ ਵਿੱਚ ਵਿਸ਼ੇਸ਼ ਯੋਗਦਾਨ ਪਾਇਆ | ਸਕੂਲ ਦੇ ਸਾਰੇ ਅਧਿਆਪਕ ਮੌਜੂਦ ਸਨ | ਅੰਤ ਵਿੱਚ ਪਿ੍ੰਸੀਪਲ ਨੇ ਸਾਰੇ ਭਾਗੀਦਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ |