ਨਵੀਂ ਦਿੱਲੀ, 4 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਅਤੇ ਐਨ.ਸੀ.ਆਰ. ਦੇ ਇਲਾਕੇ ਵਿਚ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਈ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਨਾਲ ਹੀ ਮੌਸਮ ਵੀ ਸੁਹਾਵਣਾ ਹੋ ਗਿਆ ਹੈ | ਉਧਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਤਿੰਨ ਦਿਨਾਂ ਦੇ ਦੌਰਾਨ ਤਾਪਮਾਨ ਵਿਚ ਗਿਰਾਵਟ ਆ ਸਕਦੀ ਹੈ | ਮੌਸਮ ਵਿਭਾਗ ਨੇ ਦਿੱਲੀ ਵਿਚ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੈ | ਇਸ ਤਰ੍ਹਾਂ ਮੌਸਮ ਠੰਢਾ ਹੋਣ 'ਤੇ ਬਿਜਲੀ ਦੀ ਮੰਗ ਵੀ ਪਿਛਲੇ ਦਿਨਾਂ ਦੇ ਮੁਕਾਬਲੇ ਘੱਟ ਹੋਈ ਹੈ | ਇਸ ਤਰ੍ਹਾਂ ਬਿਜਲੀ ਵੰਡ ਕੰਪਨੀਆਂ ਨੂੰ ਵੀ ਥੋੜ੍ਹਾ ਸਾਹ ਆਇਆ ਹੈ | ਪਹਿਲਾਂ ਦਿਨਾਂ ਦੇ ਮੁਕਾਬਲੇ ਲੋਕ ਹੁਣ ਦੁਪਹਿਰ ਦੇ ਸਮੇਂ ਵੀ ਆਪਣੇ ਘਰਾਂ ਵਿਚੋਂ ਬਾਹਰ ਨਿਕਲ ਰਹੇ ਹਨ | ਮੈਟਰੋ ਰੇਲ ਵਿਚ ਸਫਰ ਕਰਨ ਵਾਲਿਆਂ ਦੀ ਗਿਣਤੀ 'ਤੇ ਵੀ ਪ੍ਰਭਾਵ ਪਿਆ ਹੈ | ਲੋਕ ਹੁਣ ਆਪਣੀਆਂ ਨਿੱਜੀ ਗੱਡੀਆਂ ਅਤੇ ਬੱਸਾਂ 'ਤੇ ਵੀ ਸਫਰ ਕਰ ਰਹੇ ਹਨ | ਬੱਦਲ ਛਾਏ ਹੋਣ ਦੇ ਨਾਲ ਠੰਢੀ ਹਵਾ ਵੀ ਚੱਲ ਰਹੀ ਹੈ | ਪਸ਼ੂ ਪੰਛੀਆਂ ਨੂੰ ਵੀ ਕੁਝ ਰਾਹਤ ਮਿਲੀ ਹੈ |