ਨਵੀਂ ਦਿੱਲੀ, 4 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ ਓਪਨ ਲਰਨਿੰਗ (ਐਸ.ਓ.ਐਲ.) ਦੇ ਵਿਦਿਆਰਥੀਆਂ ਨੇ ਕਲਾਸ ਦਾ ਸੰਚਾਲਨ ਨਾ ਹੋਣ 'ਤੇ ਪਾਠਕ੍ਰਮ ਅਧੂਰਾ ਹੋਣ ਦੇ ਕਾਰਨ ਦਿੱਲੀ ਯੂਨੀਵਰਸਿਟੀ ਦੇ ਕੁਲਪਤੀ ਦੇ ਦਫ਼ਤਰ ਵਿਚ ਆਪਣਾ ਮੰਗ ਪੱਤਰ ਦਿੱਤਾ | ਵਿਦਿਆਰਥੀਆਂ ਨੇ ਕ੍ਰਾਂਤਕਾਰੀ ਯੁਵਾ ਸੰਗਠਨ ਦੀ ਅਗਵਾਈ ਵਿਚ ਵਿਰੋਧ ਪ੍ਰਦਰਸ਼ਨ ਵੀ ਕੀਤਾ | ਵਿਦਿਆਰਥੀਆਂ ਨੇ ਮੰਗ ਕੀਤੀ ਕਿ ਜਦੋਂ ਪਾਠਕ੍ਰਮ ਹੀ ਪੂਰਾ ਨਹੀਂ ਕੀਤਾ ਗਿਆ ਤਾਂ ਅਗਲੇ ਮਹੀਨੇ ਦੀ ਪ੍ਰੀਖਿਆ ਕਿਉਂ ਲਈ ਜਾ ਰਹੀ ਹੈ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਪ੍ਰੀਖਿਆ ਦੇ ਪ੍ਰਤੀ ਉਨ੍ਹਾਂ ਦੀ ਬਿਲਕੁਲ ਵੀ ਤਿਆਰੀ ਨਹੀਂ ਹੈ | ਇਸ ਦੇ ਪ੍ਰਤੀ ਸਕੂਲ ਆਫ ਲਰਨਿੰਗ ਦੇ ਅਧਿਕਾਰੀਆਂ ਨੂੰ ਸੋਚਣ ਦੀ ਜ਼ਰੂਰਤ ਹੈ ਕਿਉਂਕਿ ਜੇਕਰ ਪ੍ਰੀਖਿਆ ਹੁੰਦੀ ਹੈ ਤਾਂ ਜ਼ਿਆਦਾ ਕਰਕੇ ਵਿਦਿਆਰਥੀਆਂ ਦੇ ਫੇਲ੍ਹ ਹੋਣ ਦਾ ਖਤਰਾ ਮੰਡਰਾ ਰਿਹਾ ਹੈ | ਉਧਰ ਦੂਸਰੇ ਪਾਸੇ ਐਸ.ਓ.ਐਲ. ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦਾ ਦੋਸ਼ ਬੇਬੁਨਿਆਦ ਹੈ |