ਟੋਹਾਣਾ, 6 ਮਈ (ਮਨਜੀਤ ਸਿੰਘ) - ਉਕਲਾਨਾ ਨਗਰਪਾਲਿਕਾ ਚੇਅਰਪਰਸਨ ਚੋਣਾਂ (10 ਮਈ) ਤੋਂ ਪਹਿਲਾਂ ਰਾਜਨੀਤਿਕ ਸਰਗਰਮੀਆਂ ਸਿਖਰ 'ਤੇ ਪਹੁੰਚ ਗਈਆਂ ਹਨ | ਇਸ ਦਰਮਿਆਨ ਜਾਟ ਸਮਾਜ ਵਲੋਂ ਇੱਕਜੁੱਟ ਹੋ ਕੇ ਭਾਜਪਾ ਉਮੀਦਵਾਰ ਨਿਕਿਤਾ ਗੋਇਲ ਨੂੰ ਸਮਰਥਨ ਦੇਣ ਦੀ ਘੋਸ਼ਣਾ ਨਾਲ ਚੋਣ ਸਮੀਕਰਨਾਂ 'ਚ ਵੱਡਾ ਬਦਲਾਅ ਆਇਆ ਹੈ | ਖੇਤਰ 'ਚ ਜਾਟ ਵੋਟ ਬੈਂਕ ਦੀ ਮਜ਼ਬੂਤ ਪਕੜ ਕਾਰਨ ਇਸ ਸਮਰਥਨ ਨੂੰ ਭਾਜਪਾ ਲਈ ਵੱਡੀ ਰਾਜਨੀਤਿਕ ਬੜ੍ਹਤ ਮੰਨਿਆ ਜਾ ਰਿਹਾ ਹੈ | ਜਾਟ ਸਮਾਜ ਜਨਹਿਤ ਸੇਵਾ ਸਮਿਤੀ ਦੇ ਤਹਿਤ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੇ ਜਾਟ ਭਾਈਚਾਰੇ ਦੀ ਇੱਕ ਮਹੱਤਵਪੂਰਨ ਮੀਟਿੰਗ ਮਾਰਬਲ ਕੈਮੀਕਲ ਕਾਲੋਨੀ 'ਚ ਹੋਈ ਮੀਟਿੰਗ 'ਚ ਵੱਡੀ ਗਿਣਤੀ ਵਿੱਚ ਸਮਾਜ ਦੇ ਨਾਮਵਰ ਵਿਅਕਤੀ ਸ਼ਾਮਿਲ ਹੋਏ ਅਤੇ ਸਰਬਸੰਮਤੀ ਨਾਲ ਨਿਕਿਤਾ ਗੋਇਲ ਦੇ ਹੱਕ 'ਚ ਸਮਰਥਨ ਦਾ ਫ਼ੈਸਲਾ ਲਿਆ ਗਿਆ | ਇਸ ਮੌਕੇ ਭਾਜਪਾ ਦੇ ਪ੍ਰਦੇਸ਼ ਮਹਾ ਮੰਤਰੀ ਸੁਰੇਂਦਰ ਪੂਨੀਆ ਅਤੇ ਸੀਨੀਅਰ ਨੇਤਾ ਨਿਵਾਸ ਗੋਇਲ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਜਾਟ ਸਮਾਜ ਵਲੋਂ ਸੁਰੇਂਦਰ ਪੂਨੀਆ ਨੂੰ ਲੱਡੂਆਂ ਨਾਲ ਤੋਲ ਕੇ ਅਤੇ ਨਿਵਾਸ ਗੋਇਲ ਨੂੰ ਕੇਲਿਆਂ ਨਾਲ ਤੋਲ ਕੇ ਸਨਮਾਨਿਤ ਕੀਤਾ ਗਿਆ | ਨਾਲ ਹੀ ਦੋਵੇਂ ਆਗੂਆਂ ਨੂੰ ਪੱਗ ਪਹਿਨਾ ਕੇ ਅਤੇ ਚਾਦਰ ਦੇ ਕੇ ਰਵਾਇਤੀ ਤਰੀਕੇ ਨਾਲ ਸਨਮਾਨ ਦਿੱਤਾ ਗਿਆ | ਸਮਾਜ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਉਹ ਸਿਰਫ਼ ਸਮਰਥਨ ਤੱਕ ਸੀਮਿਤ ਨਹੀਂ ਰਹਿਣਗੇ, ਸਗੋਂ ਨਗਰਪਾਲਿਕਾ ਇਲਾਕੇ ਦੇ ਹਰ ਵੋਟਰ ਤੱਕ ਪਹੁੰਚ ਕਰ ਕੇ ਨਿਕਿਤਾ ਗੋਇਲ ਦੇ ਹੱਕ 'ਚ ਵੋਟ ਦੀ ਅਪੀਲ ਕਰਨਗੇ |