ਨਵੀਂ ਦਿੱਲੀ, 8 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਯਮਨਾ ਨਦੀ ਦੇ ਆਸਪਾਸ ਰਹਿ ਰਹੇ ਲੋਕ ਇਨ੍ਹਾਂ ਦਿਨਾਂ ਵਿਚ ਮਾਨਸਿਕ ਪ੍ਰੇਸ਼ਾਨੀ ਨਾਲ ਜੂਝ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇਥੋਂ ਦੀ ਥਾਂ ਖ਼ਾਲੀ ਕਰਨ ਪ੍ਰਤੀ ਕਿਹਾ ਗਿਆ ਹੈ, ਜਦਕਿ ਇਹ ਲੋਕ ਅਨੇਕਾਂ ਸਾਲਾਂ ਤੋਂ ਇਥੇ ਆਪਣੇ ਪੱਕੇ ਮਕਾਨ ਬਣਾ ਕੇ ਰਹਿ ਰਹੇ ਹਨ | ਉਹ ਇਥੇ ਹੀ ਪੈਦਾ ਹੋਏ, ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਪੁੱਜੇ ਹਨ | ਇਨ੍ਹਾਂ ਲੋਕਾਂ ਨੂੰ ਬਿਜਲੀ ਕੁਨੈਕਸ਼ਨ ਮਿਲੇ ਹੋਏ ਹਨ ਅਤੇ ਆਧਾਰ ਕਾਰਡ ਵੀ ਬਣੇ ਹੋਏ ਹਨ | ਇਥੇ ਰਹਿ ਰਹੇ ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣਾ ਟਿਕਾਣਾ ਛੱਡ ਕੇ ਕਿੱਥੇ ਜਾਣ ਅਤੇ ਇਥੇ ਹੀ ਉਨ੍ਹਾਂ ਦਾ ਰੁਜ਼ਗਾਰ ਵੀ ਬਣਿਆ ਹੋਇਆ ਹੈ | ਬੱਚੇ ਵੀ ਆਸਪਾਸ ਦੇ ਸਕੂਲਾਂ ਵਿਚ ਪੜ੍ਹ ਰਹੇ ਹਨ | ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੀ ਗੱਲ ਨੂੰ ਅਦਾਲਤ ਤੱਕ ਲੈ ਕੇ ਜਾਣਗੇ | ਇਨ੍ਹਾਂ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦੇ ਬਜ਼ੁਰਗਾਂ ਨੇ ਇਸ ਥਾਂ 'ਤੇ ਪੂਜਾ-ਪਾਠ ਦੀ ਸਮੱਗਰੀ ਤੇ ਹੋਰ ਛੋਟੇ-ਮੋਟੇ ਧੰਦੇ ਕਰ ਕੇ ਆਪਣਾ ਰੁਜ਼ਗਾਰ ਬਣਾਇਆ ਹੋਇਆ ਹੈ ਜਿਸ ਨੂੰ ਕਿਵੇਂ ਛੱਡ ਸਕਦੇ ਹਨ ਅਤੇ ਇੰਨੀ ਮਹਿੰਗਾਈ ਵਿਚ ਉਹ ਕਿੱਥੇ ਜਾ ਕੇ ਆਪਣੇ ਮਕਾਨ ਬਣਾਉਣ ਨਾਲ ਰੋਜ਼ੀ ਰੋਟੀ ਦਾ ਪ੍ਰਬੰਧ ਕਰਨ |