ਨਵੀਂ ਦਿੱਲੀ, 8 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਸਾਈਬਰ ਅਪਰਾਧ ਦੇ ਵਧਦੇ ਜਾ ਰਹੇ ਮਾਮਲਿਆਂ ਪ੍ਰਤੀ ਅਤੇ ਠੱਗੀ ਦੇ ਸ਼ਿਕਾਰ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਪ੍ਰਤੀ ਨੈਸ਼ਨਲ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਸਾਈਬਰ ਠੱਗੀਆਂ ਜੋ ਅੱਜਕਲ੍ਹ ਹੋ ਰਹੀਆਂ ਹਨ, ਦੇ ਪ੍ਰਤੀ ਵਿਸ਼ੇਸ਼ ਕਰਕੇ ਔਰਤਾਂ ਤੇ ਬਜ਼ੁਰਗ ਮਾਨਸਿਕ ਤੇ ਆਰਥਿਕ ਪ੍ਰੇਸ਼ਾਨੀ ਨਾਲ ਦੁਖੀ ਹਨ | ਉਨ੍ਹਾਂ ਵਲੋਂ ਕੀਤੀਆਂ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਹੋ ਰਿਹਾ ਅਤੇ ਉਨ੍ਹਾਂ ਨੂੰ ਆਪਣੇ ਇਸ ਮਾਮਲੇ ਪ੍ਰਤੀ ਰਿਪੋਰਟ ਦਰਜ ਕਰਵਾਉਣੀ ਵੀ ਮੁਸ਼ਕਿਲ ਹੋ ਗਈ ਹੈ | ਪਰਮਜੀਤ ਸਿੰਘ ਪੰਮਾ ਦਾ ਕਹਿਣਾ ਹੈ ਕਿ ਔਰਤਾਂ ਤੇ ਬਜ਼ੁਰਗਾਂ ਦੀ ਗੱਲ ਨੂੰ ਗਹੁ ਨਾਲ ਸੁਣ ਕੇ ਉਨ੍ਹਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ, ਜਦਕਿ ਉਨ੍ਹਾਂ ਦੇ ਆਪਣੀ ਸਮੱਸਿਆ ਪ੍ਰਤੀ ਵਾਰ-ਵਾਰ ਚੱਕਰ ਲਗਾਉਣ ਦੇ ਬਾਵਜੂਦ ਵੀ ਕਾਰਵਾਈ ਨਹੀਂ ਹੋ ਰਹੀ ਹੈ | ਸ. ਪੰਮਾ ਨੇ ਸਾਈਬਰ ਅਪਰਾਧ ਦੇ ਨਾਲ ਜੁੜੇ ਹੋਏ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਨਤਾ ਨਾਲ ਸੰਵੇਦਨਸ਼ੀਲ ਵਿਵਹਾਰ ਕਰ ਕੇ ਉਨ੍ਹਾਂ ਨੂੰ ਕਾਨੂੰਨ 'ਤੇ ਭਰੋਸਾ ਰੱਖਣ ਦਾ ਵਿਸ਼ਵਾਸ਼ ਦਿਵਾ ਕੇ ਉਨ੍ਹਾਂ ਦੀ ਸਮੱਸਿਆ ਹੱਲ ਕੀਤੀ ਜਾਵੇ |