ਟੋਹਾਣਾ, 12 ਮਈ (ਮਨਜੀਤ ਸਿੰਘ) - ਚੰਡੀਗੜ੍ਹ ਰੋਡ ਟੋਹਾਣਾ 'ਤੇ ਲੱਗੇ ਪੁਲਿਸ ਬੈਰੀਕੇਟ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਆਪਣੇ ਨਾਲ ਇੱਕ ਬਜ਼ੁਰਗ ਅÏਰਤ ਨੂੰ ਬਿਠਾ ਕੇ ਪੰਜਾਬ ਵਲੋਂ ਟੋਹਾਣਾ ਆ ਰਿਹਾ ਸੀ | ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਵਿਅਕਤੀ ਲੇਹਲ ਪਿੰਡ ਦਾ ਰਹਿਣ ਵਾਲਾ ਹੈ | ਮੌਕੇ 'ਤੇ ਮੌਜੂਦ ਲੋਕਾਂ ਮੁਤਾਬਿਕ ਬੈਰੀਕੇਟ ਸੜਕ 'ਤੇ ਡਿੱਗਿਆ ਹੋਇਆ ਸੀ ਅਤੇ ਮੋਟਰਸਾਈਕਲ ਉਸ ਨਾਲ ਟਕਰਾ ਗਿਆ, ਜਿਸ ਕਾਰਨ ਦੋਵੇਂ ਸਵਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ | ਵਿਅਕਤੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਦਕਿ ਬਜ਼ੁਰਗ ਮਹਿਲਾ ਨੂੰ ਵੀ ਕਾਫੀ ਸੱਟਾਂ ਲੱਗੀਆਂ ਹਨ | ਹਾਦਸੇ ਤੋਂ ਬਾਅਦ ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਜ਼ਖਮੀਆਂ ਦੀ ਮਦਦ ਕੀਤੀ ਅਤੇ ਐਂਬੂਲੈਂਸ ਬੁਲਾ ਕੇ ਉਨ੍ਹਾਂ ਨੂੰ ਹਸਪਤਾਲ ਭੇਜਿਆ | ਪਰ ਇਸ ਦੌਰਾਨ ਇਕ ਸ਼ਰਮਨਾਕ ਘਟਨਾ ਵੀ ਸਾਹਮਣੇ ਆਈ | ਜ਼ਖਮੀ ਵਿਅਕਤੀ ਦੀ ਜੇਬ ਵਿਚੋਂ ਇੱਕ ਵਿਅਕਤੀ ਨੇ ਫ਼ੋਨ ਕੱਢ ਕੇ ਘਰ ਸੂਚਨਾ ਦੇਣ ਦੀ ਕੋਸ਼ਿਸ਼ ਕੀਤੀ ਪਰ ਫ਼ੋਨ ਲੌਕ ਲੱਗਾ ਹੋਣ ਕਰ ਕੇ ਖੁੱਲਿ੍ਹਆ ਨਹੀਂ ਅਤੇ ਦੂਜਾ ਵਿਅਕਤੀ ਫ਼ੋਨ ਦਾ ਲੌਕ ਖੋਲ੍ਹਣ ਬਹਾਨੇ ਮੋਬਾਈਲ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ | ਜ਼ਖਮੀਆਂ ਦੀ ਮਦਦ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਉਸ ਨੰਬਰ 'ਤੇ ਦੁਬਾਰਾ ਫ਼ੋਨ ਮਿਲਾਇਆ ਤਾਂ ਮੋਬਾਈਲ ਬੰਦ ਆ ਰਿਹਾ ਸੀ | ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਇੱਕ ਪਾਸੇ ਕੋਈ ਵਿਅਕਤੀ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਿਹਾ ਹੋਵੇ ਤੇ ਦੂਜੇ ਪਾਸੇ ਕੋਈ ਉਸ ਦਾ ਮੋਬਾਈਲ ਚੋਰੀ ਕਰ ਕੇ ਭੱਜ ਜਾਵੇ | ਮੌਕੇ 'ਤੇ ਇਕੱਤਰ ਲੋਕਾਂ ਨੇ ਮੰਗ ਕੀਤੀ ਹੈ ਕਿ ਮੋਬਾਈਲ ਲੈ ਕੇ ਫ਼ਰਾਰ ਹੋਏ ਵਿਅਕਤੀ ਦੀ ਪਛਾਣ ਕਰ ਕੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |
ਚੰਡੀਗੜ੍ਹ ਰੋਡ ਟੋਹਾਣਾ 'ਤੇ ਦਰਦਨਾਕ ਹਾਦਸਾ, ਜ਼ਖ਼ਮੀ ਦਾ ਫ਼ੋਨ ਲੈ ਕੇ ਫ਼ਰਾਰ ਹੋਇਆ ਵਿਅਕਤੀ <br/>
ਅਜੀਤ ਡੈਸਕ
13-05-2026