ਟੋਹਾਣਾ, 12 ਮਈ (ਮਨਜੀਤ ਸਿੰਘ) - ਸ਼ਹਿਰ ਵਿਚ ਆਵਾਰਾ ਕੁੱਤਿਆਂ ਦੀ ਵਧ ਰਹੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਲਈ ਕੁਝ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ | ਨਗਰ ਪਰਿਸ਼ਦ ਟੋਹਾਣਾ ਵੱਲੋਂ ਆਵਾਰਾ ਕੁੱਤਿਆਂ ਨੂੰ ਫੜਨ ਲਈ ਇੱਕ ਕੰਪਨੀ ਨੂੰ ਟੈਂਡਰ ਜਾਰੀ ਕੀਤਾ ਗਿਆ ਹੈ, ਜਿਸ ਤੋਂ ਬਾਅਦ ਸੋਮਵਾਰ ਨੂੰ ਸ਼ਹਿਰ ਵਿਚ ਇਸ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ | ਜਾਣਕਾਰੀ ਅਨੁਸਾਰ ਇਹ ਮੁਹਿੰਮ ਟੋਹਾਣਾ ਦੇ ਹਰਪਾਲ ਚੌਂਕ ਇਲਾਕੇ ਤੋਂ ਸ਼ੁਰੂ ਕੀਤੀ ਗਈ, ਜਿੱਥੇ ਕੰਪਨੀ ਦੀ ਟੀਮ ਨੇ ਗਲੀਆਂ ਅਤੇ ਸੜਕਾਂ 'ਤੇ ਘੁੰਮ ਰਹੇ ਆਵਾਰਾ ਕੁੱਤਿਆਂ ਨੂੰ ਫੜਨ ਦਾ ਕੰਮ ਕੀਤਾ | ਟੀਮ ਵੱਲੋਂ ਕੁੱਤਿਆਂ ਨੂੰ ਖ਼ਾਸ ਗੱਡੀਆਂ ਰੱਖੇ ਪਿੰਜਰੇ ਵਿਚ ਡੱਕ ਕੇ ਲਿਜਾਇਆ ਗਿਆ, ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਵਿਚ ਇਸ ਕਾਰਵਾਈ ਨੂੰ ਲੈ ਕੇ ਚਰਚਾ ਛਿੜ ਗਈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਕੁੱਤਿਆਂ ਨੂੰ ਸਟੀਰਲਾਈਜ਼ੇਸ਼ਨ ਲਈ ਲਿਜਾਇਆ ਜਾ ਰਿਹਾ ਹੈ ਅਤੇ ਕਾਰਵਾਈ ਪੂਰੀ ਹੋਣ ਤੋਂ ਬਾਅਦ ਇਨ੍ਹਾਂ ਨੂੰ ਮੁੜ ਇਲਾਕੇ ਵਿਚ ਹੀ ਛੱਡ ਦਿੱਤਾ ਜਾਵੇਗਾ | ਲੋਕਾਂ ਨੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜੇਕਰ ਕੁੱਤੇ ਮੁੜ ਉਨ੍ਹਾਂ ਹੀ ਇਲਾਕਿਆਂ ਵਿਚ ਛੱਡੇ ਜਾਣੇ ਹਨ ਤਾਂ ਇਸ ਨਾਲ ਸਮੱਸਿਆ ਦਾ ਪੂਰਾ ਹੱਲ ਕਿਵੇਂ ਹੋਵੇਗਾ | ਕਈ ਨਾਗਰਿਕਾਂ ਨੇ ਕਿਹਾ ਕਿ ਆਵਾਰਾ ਕੁੱਤਿਆਂ ਕਾਰਨ ਪਹਿਲਾਂ ਹੀ ਲੋਕਾਂ, ਖ਼ਾਸ ਕਰ ਕੇ ਬੱਚਿਆਂ ਅਤੇ ਬਜ਼ੁਰਗਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ | ਰਾਤ ਸਮੇਂ ਟੋਲੀਆਂ ਵਿਚ ਘੁੰਮਦੇ ਕੁੱਤੇ ਕਈ ਵਾਰ ਰਾਹਗੀਰਾਂ ਅਤੇ ਦੋ ਪਹੀਆ ਵਾਹਨ ਚਾਲਕਾਂ ਲਈ ਖ਼ਤਰਾ ਬਣਦੇ ਹਨ | ਲੋਕਾਂ ਨੇ ਮੰਗ ਕੀਤੀ ਕਿ ਨਗਰ ਪਰਿਸ਼ਦ ਸਿਰਫ਼ ਫੜਨ ਅਤੇ ਨਸਬੰਦੀ ਤੱਕ ਹੀ ਸੀਮਿਤ ਨਾ ਰਹੇ, ਸਗੋਂ ਇਹ ਵੀ ਸਪਸ਼ਟ ਕਰੇ ਕਿ ਇਨ੍ਹਾਂ ਕੁੱਤਿਆਂ ਨੂੰ ਕਿੱਥੇ ਰੱਖਿਆ ਜਾਵੇਗਾ ਅਤੇ ਸ਼ਹਿਰ ਨੂੰ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਸਥਾਈ ਰਾਹਤ ਕਿਵੇਂ ਮਿਲੇਗੀ | ਦੂਜੇ ਪਾਸੇ ਕੁਝ ਲੋਕਾਂ ਨੇ ਨਗਰ ਪਰਿਸ਼ਦ ਦੀ ਇਸ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਸ਼ਹਿਰ ਵਿਚ ਆਵਾਰਾ ਕੁੱਤਿਆਂ ਦੀ ਗਿਣਤੀ ਵਧ ਰਹੀ ਸੀ ਅਤੇ ਹੁਣ ਪ੍ਰਸ਼ਾਸਨ ਵੱਲੋਂ ਇਸ ਦਿਸ਼ਾ ਵਿਚ ਕਦਮ ਚੁੱਕਣਾ ਜ਼ਰੂਰੀ ਸੀ | ਫਿਲਹਾਲ ਨਗਰ ਪਰਿਸ਼ਦ ਵਲੋਂ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਫੜੇ ਗਏ ਕੁੱਤਿਆਂ ਨੂੰ ਕਿੰਨੇ ਦਿਨਾਂ ਲਈ ਰੱਖਿਆ ਜਾਵੇਗਾ ਅਤੇ ਸਟੀਰਲਾਈਜ਼ੇਸ਼ਨ ਤੋਂ ਬਾਅਦ ਉਨ੍ਹਾਂ ਦੀ ਵਿਵਸਥਾ ਕਿੱਥੇ ਕੀਤੀ ਜਾਵੇਗੀ | ਸ਼ਹਿਰ ਵਾਸੀ ਹੁਣ ਪ੍ਰਸ਼ਾਸਨ ਤੋਂ ਇਸ ਬਾਰੇ ਸਪਸ਼ਟ ਜਾਣਕਾਰੀ ਦੀ ਉਡੀਕ ਕਰ ਰਹੇ ਹਨ |
ਟੋਹਾਣਾ ਵਿਚ ਅਵਾਰਾ ਕੁੱਤਿਆਂ ਨੂੰ ਫੜਨ ਦੀ ਮੁਹਿੰਮ ਸ਼ੁਰੂ, ਨਗਰ ਪਰਿਸ਼ਦ ਵਲੋਂ ਟੈਂਡਰ ਜਾਰੀ <br/>
ਅਜੀਤ ਡੈਸਕ
13-05-2026