ਨਵੀਂ ਦਿੱਲੀ, 12 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਹੋ ਚੁੱਕੀਆਂ ਹਨ ਅਤੇ ਛੁੱਟੀਆਂ ਦੌਰਾਨ 9ਵੀਂ, 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਦੀਆਂ ਵਾਧੂ ਕਲਾਸਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ | ਪਹਿਲੇ ਹੀ ਦਿਨ ਵਿਦਿਆਰਥੀਆਂ ਦੀ ਗਿਣਤੀ ਕਾਫ਼ੀ ਰਹਿਣ 'ਤੇ ਸਕੂਲ ਦੇ ਪਿ੍ੰਸੀਪਲ ਅਤੇ ਸਟਾਫ਼ ਨੂੰ ਖੁਸ਼ੀ ਹੋਈ ਹੈ | ਇਹ ਵਾਧੂ ਕਲਾਸਾਂ 23 ਮਈ ਤੱਕ ਲਗਾਤਾਰ ਚੱਲਣਗੀਆਂ | ਕਲਾਸ ਦਾ ਹਰ ਪੀਰੀਅਡ ਇਕ ਘੰਟੇ ਦਾ ਰੱਖਿਆ ਗਿਆ ਹੈ | ਹਰ ਕਲਾਸ ਦੇ ਚੋਣਵੇਂ ਵਿਸ਼ੇ ਦੀਆਂ ਹੀ ਕਲਾਸਾਂ ਲੱਗ ਰਹੀਆਂ ਹਨ | ਇਨ੍ਹਾਂ ਕਲਾਸਾਂ ਵਿਚ ਬੱਚੇ ਆਪਣੀ ਪੜ੍ਹਾਈ ਜਾਂ ਵਿਸ਼ੇ ਪ੍ਰਤੀ ਆ ਰਹੀ ਪ੍ਰੇਸ਼ਾਨੀ ਦੱਸ ਰਹੇ ਹਨ ਅਤੇ ਅਧਿਆਪਕ ਉਸ ਦਾ ਹੱਲ ਕਰ ਰਹੇ ਹਨ | ਇਨ੍ਹਾਂ ਕਲਾਸਾਂ ਵਿਚ ਵਿਸ਼ੇਸ਼ ਕਰਕੇ 9ਵੀਂ ਅਤੇ 10ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਗਣਿਤ ਤੇ ਵਿਗਿਆਨ ਦਾ ਵਿਸ਼ਾ ਪੜ੍ਹਾਇਆ ਜਾ ਰਿਹਾ ਹੈ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਵੱਖ-ਵੱਖ ਵਿਸ਼ੇ ਨਿਰਧਾਰਤ ਕੀਤੇ ਗਏ ਹਨ | ਇਨ੍ਹਾਂ ਕਲਾਸਾਂ ਪ੍ਰਤੀ ਕੇਵਲ ਤਿੰਨ ਪੀਰੀਅਡ ਹੀ ਲੱਗਣਗੇ | ਜੋ ਅਧਿਆਪਕ ਛੁੱਟੀਆਂ ਵਿਚ ਇਹ ਕਲਾਸਾਂ ਲੈ ਰਹੇ ਹਨ ਉਨ੍ਹਾਂ ਨੂੰ ਸਿੱਖਿਆ ਵਿਭਾਗ ਕੋਈ ਨਾ ਕੋਈ ਸਹੂਲਤ ਦੇਵੇਗਾ |