ਨਵੀਂ ਦਿੱਲੀ, 12 ਮਈ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਇਕ ਭਗੌੜੇ ਅਪਰਾਧੀ ਮੋਹਿਤ ਸ਼ਰਮਾ (44) ਨੂੰ ਗਿ੍ਫ਼ਤਾਰ ਕੀਤਾ ਹੈ ਜੋ ਕਿ ਕਾਫੀ ਸਮੇਂ ਤੋਂ ਪੁਲਿਸ ਦੀ ਗਿ੍ਫ਼ਤਾਰੀ ਤੋਂ ਬਚ ਰਿਹਾ ਸੀ ਅਤੇ ਵੱਖ-ਵੱਖ ਰਾਜਾਂ ਵਿਚ ਜਾ ਕੇ ਆਪਣੇ ਟਿਕਾਣੇ ਬਦਲਦਾ ਰਹਿੰਦਾ ਸੀ | ਇਸ 'ਤੇ ਪੰਜਾਬ ਦੇ ਖੰਨਾ ਸ਼ਹਿਰ ਵਿਚ ਵੀ ਇਕ ਮਾਮਲਾ ਚੋਰੀ ਦਾ ਦਰਜ ਹੈ | ਇਸ ਤੋਂ ਇਲਾਵਾ ਇਹ ਚੋਰ ਕੇਰਲਾ, ਕਰਨਾਟਕ ਅਤੇ ਹੋਰ ਅਨੇਕਾਂ ਸ਼ਹਿਰਾਂ ਵਿਚ ਮੰਦਰਾਂ ਤੋਂ ਮੂਰਤੀਆਂ ਤੇ ਹੋਰ ਮਹਿੰਗੇ ਸਾਮਾਨ ਦੀ ਚੋਰੀ ਕਰਦਾ ਸੀ ਉਹ ਚੋਰੀ ਕਰਨ ਤੋਂ ਪਹਿਲਾਂ ਧਾਰਮਿਕ ਸਥਾਨਾਂ ਦੀ ਜਾਸੂਸੀ ਕਰਦਾ ਸੀ ਅਤੇ ਧਾਰਮਿਕ ਸਥਾਨਾਂ 'ਤੇ ਰੱਖੇ ਗਏ ਗੱਲਿਆਂ ਵਿਚੋਂ ਵੀ ਪੈਸੇ ਚੋਰੀ ਕਰਦਾ ਸੀ | ਇਸ ਤਰ੍ਹਾਂ ਪੁਲਿਸ ਨੂੰ ਧਾਰਮਿਕ ਸਥਾਨਾਂ ਤੋਂ ਹੋ ਰਹੀਆਂ ਚੋਰੀ ਦੀਆਂ ਸ਼ਿਕਾਇਤਾਂ ਵੀ ਆਈਆਂ | ਪੁਲਿਸ ਨੇ ਇਸ ਮਾਮਲੇ ਪ੍ਰਤੀ ਇਕ ਟੀਮ ਬਣਾਈ ਜਿਸ ਦੀ ਅਗਵਾਈ ਇੰਸਪੈਕਟਰ ਗੌਤਮ ਮਲਿਕ ਨੇ ਕੀਤੀ | ਇਸ ਮਾਮਲੇ ਪ੍ਰਤੀ ਇਕ ਮੁਖ਼ਬਰ ਨੇ ਦਿੱਲੀ ਪੁਲਿਸ ਨੂੰ ਦੱਸਿਆ ਕਿ ਮੋਹਿਤ ਸ਼ਰਮਾ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਦੇ ਸਾਹਮਣੇ ਆਪਣੇ ਸਾਥੀ ਨੂੰ ਮਿਲਣ ਆ ਰਿਹਾ ਹੈ | ਪੁਲਿਸ ਨੇ ਆਪਣਾ ਜਾਲ ਵਿਛਾਇਆ | ਪੁਲਿਸ ਟੀਮ ਨੂੰ ਵੇਖ ਕੇ ਮੋਹਿਤ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪੁਲਿਸ ਨੇ ਉਸ ਨੂੰ ਫੜ ਲਿਆ | ਉਸ ਨੇ ਪੁਲਿਸ ਨੂੰ ਦੱਸਿਆ ਕਿ ਧਾਰਮਿਕ ਸਥਾਨਾਂ ਦੀ ਚੋਰੀ ਲਈ ਉਸ ਨੂੰ ਕੁਲਵੰਤ ਸਿੰਘ ਨੇ ਕਿਹਾ ਅਤੇ ਉਹ ਵੱਖ-ਵੱਖ ਰਾਜਾਂ ਵਿਚ ਧਾਰਮਿਕ ਸਥਾਨਾਂ ਤੋਂ ਮੂਰਤੀਆਂ ਤੇ ਹੋਰ ਸਾਮਾਨ ਚੋਰੀ ਕਰਦਾ ਰਿਹਾ | ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ |