ਨਵੀਂ ਦਿੱਲੀ, 14 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਉੱਤਰ ਪੂਰਬੀ ਜ਼ਿਲ੍ਹੇ ਦੀ ਪੁਲਿਸ ਨੇ ਆਪਣੀ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਸ਼ੱਕੀ ਹਾਲਤ ਵਿਚ ਵੇਖਿਆ | ਉਹ ਵਿਅਕਤੀ ਪੁਲਿਸ ਨੂੰ ਵੇਖ ਕੇ ਭੱਜ ਤੁਰਿਆ ਪ੍ਰੰਤੂ ਪੁਲਿਸ ਨੇ ਚੁਸਤੀ ਨਾਲ ਉਸ ਨੂੰ ਕਾਬੂ ਕਰ ਲਿਆ | ਇਸ ਵਿਅਕਤੀ ਦਾ ਨਾਂਅ ਦੇਸੀ ਸੁਹੇਲ ਉਰਫ ਸੇਜ਼ੀ (26) ਹੈ ਜੋ ਕਿ ਜਾਫ਼ਰਾਬਾਦ, ਦਿੱਲੀ ਦਾ ਵਸਨੀਕ ਹੈ | ਪੁਲਿਸ ਨੇ ਜਦੋਂ ਇਸ ਵਿਅਕਤੀ ਦੀ ਤਲਾਸ਼ੀ ਲਈ ਤਾਂ ਇਸ ਕੋਲੋਂ ਇਕ ਅਰਧ ਆਟੋਮੈਟਿਕ ਪਿਸਤੌਲ ਬਰਾਮਦ ਕੀਤਾ | ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਇਹ ਵਿਅਕਤੀ ਪਹਿਲਾਂ ਵੀ ਖੋਹ ਅਤੇ ਅਸਲ੍ਹਾ ਐਕਟ ਨਾਲ ਸੰਬੰਧਿਤ ਕਈ ਮਾਮਲਿਆਂ ਵਿਚ ਸ਼ਾਮਿਲ ਹੈ | ਪੁਲਿਸ ਨੇ ਅਸਲ੍ਹਾ ਐਕਟ ਦੀ ਧਾਰਾ 25 ਅਧੀਨ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਇਸ ਕੋਲੋਂ ਹੋਰ ਵੀ ਪੁੱਛ-ਪੜਤਾਲ ਕਰ ਰਹੀ ਹੈ |