ਨਵੀਂ ਦਿੱਲੀ, 14 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਸੰਤ ਨਿਰੰਕਾਰੀ ਮਿਸ਼ਨ ਵਲੋਂ ਬਾਬਾ ਹਰਦੇਵ ਸਿੰਘ ਦੀ ਯਾਦ ਵਿਚ ਸੰਤ ਨਿਰੰਕਾਰੀ ਅਧਿਆਤਮਿਕ ਸਥਾਨ ਸਮਾਲਖਾ ਵਿਖੇ ਮਾਤਾ ਸੁਦਿਕਸ਼ਾ ਅਤੇ ਰਮਿਤ ਦੀ ਅਗਵਾਈ ਵਿਚ ਸੰਤ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਕਾਫ਼ੀ ਗਿਣਤੀ ਵਿਚ ਸ਼ਰਧਾਲੂ ਸ਼ਾਮਿਲ ਹੋਏ | ਇਸ ਮੌਕੇ ਮਾਤਾ ਸੁਦਿਕਸ਼ਾ ਨੇ ਕਿਹਾ ਕਿ ਬਾਬਾ ਜੀ ਦਾ ਸਮੁੱਚਾ ਜੀਵਨ ਮਾਨਵਤਾ, ਸੇਵਾ ਅਤੇ ਦੇਸ਼ ਭਗਤੀ ਵਿਚ ਬੀਤਿਆ ਅਤੇ ਉਨ੍ਹਾਂ ਨੇ ਹਮੇਸ਼ਾ ਮਾਨਵੀ ਗੁਣ ਵਿਕਸਤ ਕਰਕੇ ਨਿਰਾਕਾਰ ਦਾ ਆਸਰਾ ਲੈਂਦੇ ਹੋਏ ਸਾਰਥਕ ਜੀਵਨ ਜਿਊਣ 'ਤੇ ਜ਼ੋਰ ਦਿੱਤਾ | ਮਾਤਾ ਜੀ ਨੇ ਇਹ ਵੀ ਕਿਹਾ ਕਿ ਸੱਚਾ ਸਮਰਪਣ ਉਹੀ ਹੈ ਜਿਸ ਵਿਚ ਸੇਵਾ ਦਾ ਭਾਵ ਕੇਵਲ ਵਿਚਾਰਾਂ ਵਿਚ ਨਹੀਂ ਬਲਕਿ ਵਿਵਹਾਰ ਸਪੱਸ਼ਟ ਵਿਖਾਈ ਦੇਵੇ | ਇਸ ਮੌਕੇ ਗੀਤਕਾਰਾਂ, ਕਵੀਆਂ ਅਤੇ ਵਿਚਾਰਕਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਬਾਬਾ ਜੀ ਨੂੰ ਯਾਦ ਕੀਤਾ ਅਤੇ ਨਾਲ ਹੀ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਸੰਦੇਸ਼ ਪੜ੍ਹ ਕੇ ਸੁਣਾਇਆ | ਇਸ ਸਮਾਗਮ ਵਿਚ ਦਿੱਲੀ ਤੋਂ ਇਲਾਵਾ ਹੋਰਨਾਂ ਰਾਜਾਂ ਤੋਂ ਵੀ ਸ਼ਰਧਾਲੂ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ |