ਯਮੁਨਾਨਗਰ, 22 ਮਈ (ਗੁਰਦਿਆਲ ਸਿੰਘ ਨਿਮਰ)-ਵਿਸ਼ੇਸ਼ ਸੈੱਲ ਦੀ ਟੀਮ ਵਲੋਂ ਬਜ਼ੁਰਗਾਂ ਨੂੰ ਮੋਟਰਸਾਈਕਲ 'ਤੇ ਲਿਫਟ ਦੇਣ ਦੇ ਬਹਾਨੇ ਉਨ੍ਹਾਂ ਤੋਂ ਲੁੱਟ ਖੋਹ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਜੋ ਲੁੱਟਣ ਤੋਂ ਬਾਅਦ ਉਨ੍ਹਾਂ ਨੂੰ ਵਿਚਕਾਰ ਹੀ ਛੱਡ ਕੇ ਭੱਜ ਜਾਂਦੇ ਸਨ | ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਰਿਮਾਂਡ 'ਤੇ ਲਿਆ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੈੱਲ ਇੰਚਾਰਜ ਰਮਨ ਚੰਦੇਲ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਦੋ ਨੌਜਵਾਨ ਕਡਕੋਲੀ ਮੋੜ ਨੇੜੇ ਕਿਸੇ ਅਪਰਾਧ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਹਨ | ਇਸ ਸੂਚਨਾ 'ਤੇ ਕਾਰਵਾਈ ਕਰਦਿਆਂ ਸੈੱਲ ਦੀ ਇਕ ਟੀਮ ਨੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ, ਜਿਨ੍ਹਾਂ ਦੀ ਪਛਾਣ ਸਾਗਰ ਅਤੇ ਰੋਹਿਤ ਵਾਸੀ ਪਿੰਡ ਦਸੋਰਾ ਵਜੋਂ ਹੋਈ ਹੈ | ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਤਿੰਨ ਅਪਰਾਧਾਂ ਦਾ ਖੁਲਾਸਾ ਕੀਤਾ ਹੈ | ਉਨ੍ਹਾਂ ਦੱਸਿਆ ਕਿ 18 ਮਈ ਨੂੰ ਪਿੰਡ ਧਰਮਕੋਟ ਦੇ ਰਹਿਣ ਵਾਲੇ ਸੁੰਦਰ ਲਾਲ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਸਵੇਰੇ 10 ਵਜੇ ਬਿਲਾਸਪੁਰ ਬਾਜ਼ਾਰ 'ਚੋਂ ਸਾਮਾਨ ਖਰੀਦਣ ਮਗਰੋਂ ਵਾਪਸ ਆਪਣੇ ਪਿੰਡ ਆ ਰਹੇ ਸਨ, ਇਸ ਦੌਰਾਨ ਜਦੋਂ ਉਹ ਦੇਹਾ ਬਸਤੀ ਬਿਲਾਸਪੁਰ ਨੇੜੇ ਪਹੁੰਚੇ ਤਾਂ ਦੋ ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਗੱਲਬਾਤ ਕਰਨ ਤੋਂ ਬਾਅਦ ਉਸਨੂੰ ਲਿਫਟ ਦੇਣ ਦੇ ਬਹਾਨੇ ਮੋਟਰਸਾਈਕਲ 'ਤੇ ਬਿਠਾ ਲਿਆ ਅਤੇ ਰਸਤੇ ਵਿਚ ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਤੋਂ 4000 ਰੁ. ਦੀ ਨਕਦੀ ਖੋਹ ਲਈ | ਸੈੱਲ ਇੰਚਾਰਜ ਨੇ ਦੱਸਿਆ ਕਿ ਇਸ ਤੋਂ ਇਲਾਵਾ ਦੋ ਹੋਰ ਘਟਨਾਵਾਂ ਦਾ ਵੀ ਖੁਲਾਸਾ ਹੋਇਆ ਹੈ | ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਮੁਲਜ਼ਮ ਸਾਗਰ ਵਿਰੁੱਧ ਪਹਿਲਾਂ ਵੀ ਦੋ ਅਜਿਹੇ ਹੀ ਮਾਮਲੇ ਦਰਜ ਹਨ ਜੋ ਅਦਾਲਤ ਵਿਚ ਵਿਚਾਰ ਅਧੀਨ ਹਨ |