ਰਤੀਆ, 7 ਜੂਨ (ਬੇਅੰਤ ਕੌਰ ਮੰਡੇਰ)- ਸਿੱਖ ਮਿਸ਼ਨ ਹਰਿਆਣਾ ਕੁਰੂਕਸ਼ੇਤਰ ਅਤੇ ਗੁਰਦੁਆਰਾ ਵਿਸ਼ਵਕਰਮਾ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਸਾਂਝੇ ਤੌਰ 'ਤੇ ਸ਼ਹਿਰ ਦੇ ਫ਼ਤਿਹਾਬਾਦ ਰੋਡ 'ਤੇ ਸਥਿਤ ਗੁਰਦੁਆਰਾ ਵਿਸ਼ਵਕਰਮਾ ਸਾਹਿਬ ਵਿਖੇ 10 ਦਿਨਾਂ ਸਮਰ ਕੈਂਪ ਲਗਾਇਆ ਜਾ ਰਿਹਾ ਹੈ | ਬੱਚਿਆਂ ਨੂੰ ਨੈਤਿਕ ਸਿੱਖਿਆ ਅਤੇ ਕੈਲੀਗ੍ਰਾਫੀ ਵਰਗੀਆਂ ਗਤੀਵਿਧੀਆਂ ਦੇ ਨਾਲ-ਨਾਲ ਮਾਤ ਭਾਸ਼ਾ ਪੰਜਾਬੀ ਵੀ ਸਿਖਾਈ ਜਾ ਰਹੀ ਹੈ | ਕੈਂਪ ਦੇ 7ਵੇਂ ਦਿਨ ਮੀਨਾ ਅਰੋੜਾ ਨੇ ਕੈਲੀਗ੍ਰਾਫੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਲੀਗ੍ਰਾਫੀ ਸ਼ਬਦਾਂ ਨੂੰ ਸੁੰਦਰ ਅਤੇ ਆਕਰਸ਼ਕ ਬਣਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਜਿਸ ਲਈ ਭਾਸ਼ਾ ਅਤੇ ਸ਼ਬਦਾਂ ਦਾ ਗਿਆਨ ਹੋਣਾ ਅਤਿ ਜ਼ਰੂਰੀ ਹੈ | ਇਸ ਤੋਂ ਇਲਾਵਾ ਹੈਪੀ ਸਿੰਘ ਸੇਠੀ ਨੇ ਬੱਚਿਆਂ ਨੂੰ ਪੰਜਾਬੀ ਅਤੇ ਗੁਰਮੁਖੀ 'ਚ ਗਿਣਤੀ ਬਾਰੇ ਜਾਣਕਾਰੀ ਦਿੱਤੀ | ਪ੍ਰਚਾਰਕ ਮਨਿੰਦਰਜੀਤ ਸਿੰਘ ਨੇ ਬੱਚਿਆਂ ਨੂੰ 35 ਅੱਖਰੀ ਅਤੇ ਅਧਿਆਪਕਾ ਕੰਚਨ ਰਾਣੀ ਨੇ ਵਿਆਕਰਨ ਬਾਰੇ ਸਿਖਲਾਈ ਦਿੱਤੀ |