ਨਵੀਂ ਦਿੱਲੀ, 11 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਗਰੇਟਰ ਨੋਇਡਾ ਦੇ ਨਾਲੇਜ ਪਾਰਕ ਦੇ ਨਜ਼ਦੀਕ ਸਥਿਤ ਸੈਕਟਰ 152 ਵਿਚ ਇਕ ਨਿਰਮਾਣ ਅਧੀਨ ਬਿਲਡਿੰਗ 'ਤੇ ਇਕ ਵੱਡਾ ਹਾਦਸਾ ਵਾਪਰਿਆ ਹੈ | ਇੱਥੇ ਟਾਵਰ ਨੰਬਰ 23 ਦੀ 37ਵੀਂ ਮੰਜ਼ਿਲ 'ਤੇ ਕੰਮ ਕਰ ਰਹੇ ਦੋ ਮਜ਼ਦੂਰਾਂ ਦੇ ਹੇਠਾਂ ਡਿੱਗਣ 'ਤੇ ਹਾਲਤ ਬਹੁਤ ਗੰਭੀਰ ਹੋ ਗਈ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਪਰੰਤੂ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ | ਸ਼ੁਰੂਆਤੀ ਕੀਤੀ ਜਾਂਚ ਵਿਚ ਕਿਹਾ ਜਾ ਰਿਹਾ ਹੈ ਕਿ ਇਸ ਹਾਦਸੇ ਦਾ ਕਾਰਨ ਸੇਫਟੀ ਬਿਲਟ ਦਾ ਟੁੱਟ ਜਾਣਾ ਮੰਨਿਆ ਜਾ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਤਕਰੀਬਨ ਦੁਪਹਿਰ ਦੇ ਇਕ ਵਜੇ ਨਿਰਮਾਣ ਅਧੀਨ ਟਾਵਰ ਦੀ ਉਪਰਲੀ ਮੰਜ਼ਿਲ 'ਤੇ ਸ਼ਟਰਿੰਗ ਦਾ ਕੰਮ ਹੋ ਰਿਹਾ ਸੀ ਅਤੇ 24 ਸਾਲਾਂ ਦਾ ਰਈਸ-ਉਲ-ਹੱਕ ਅਤੇ 45 ਸਾਲਾਂ ਦਾ ਅਬਦੁੱਲ ਸਮਦ ਹੋਰਾਂ ਮਜ਼ਦੂਰਾਂ ਦੇ ਨਾਲ ਕੰਮ ਕਰ ਰਹੇ ਸਨ | ਇਹ ਮਰਨ ਵਾਲੇ ਦੋਵੇਂ ਮਜ਼ਦੂਰ ਸੁਰੱਖਿਆ ਬਿਲਟ ਦੇ ਸਹਾਰੇ ਉਚਾਈ 'ਤੇ ਕੰਮ ਕਰ ਰਹੇ ਸਨ ਅਤੇ ਅਚਾਨਕ ਇਹ ਸੇਫਟੀ ਬੈਲਟ ਟੁੱਟ ਗਈ ਅਤੇ ਇਹ ਦੋਵੇਂ ਮਜ਼ਦੂਰ 37ਵੀਂ ਮੰਜ਼ਿਲ ਤੋਂ ਹੇਠਾਂ ਡਿੱਗ ਗਏ | ਹਾਦਸੇ ਬਾਅਦ ਅਫਰਾ-ਤਫਰੀ ਦਾ ਮਾਹੌਲ ਬਣ ਗਿਆ | ਇਹ ਦੋਵੇਂ ਮਜ਼ਦੂਰ ਪੱਛਮੀ ਬੰਗਾਲ ਦੇ ਰਹਿਣ ਵਾਲੇ ਹਨ ਅਤੇ ਇਹ ਕੁੰਢਲੀ ਪਿੰਡ ਵਿਚ ਕਿਰਾਏ 'ਤੇ ਰਹਿੰਦੇ ਸਨ | ਪੁਲਿਸ ਨੇ ਮੌਕੇ 'ਤੇ ਪੁੱਜ ਕੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਸੀ | ਪੁਲਿਸ ਇਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ |